ਕੌਮੀ ਰਾਜਧਾਨੀ ਦਿੱਲੀ ਵਿੱਚ ਅਪਰੈਲ ਮਹੀਨੇ ਦੌਰਾਨ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ 73 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਦਿੱਲੀ ਫਾਇਰ ਸਰਵਿਸਿਜ਼ ਵੱਲੋਂ ਜਾਰੀ ‘ਕਾਲ ਸਮਰੀ 2026’ ਦੇ ਅੰਕੜਿਆਂ ਅਨੁਸਾਰ ਇਸ ਸਾਲ ਜਨਵਰੀ ਤੋਂ ਅਪਰੈਲ ਦੇ ਦਰਮਿਆਨ ਅੱਗ ਲੱਗਣ ਕਾਰਨ 32 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਕੱਲੇ ਅਪਰੈਲ ਮਹੀਨੇ ਵਿੱਚ ਅੱਗ ਨਾਲ ਸਬੰਧਤ 2,663 ਕਾਲਾਂ ਆਈਆਂ, ਜੋ ਮਾਰਚ ਵਿੱਚ ਆਈਆਂ 1,538 ਕਾਲਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਹਨ।
ਅਪਰੈਲ ਵਿੱਚ ਵਧਦੇ ਤਾਪਮਾਨ ਕਾਰਨ ਕੂੜੇ ਅਤੇ ਸੁੱਕੇ ਰਹਿੰਦ-ਖੂੰਹਦ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਵਧੀਆਂ ਹਨ। ਕੂੜੇ ਨੂੰ ਅੱਗ ਲੱਗਣ ਦੇ ਮਾਮਲੇ ਜਨਵਰੀ ਵਿੱਚ 441 ਸਨ, ਜੋ ਅਪਰੈਲ ਤੱਕ ਵਧ ਕੇ 725 ਹੋ ਗਏ। ਜਾਨੀ ਨੁਕਸਾਨ ਦੀ ਗੱਲ ਕਰੀਏ ਤਾਂ ਮਾਰਚ ਵਿੱਚ ਸਭ ਤੋਂ ਵੱਧ 15 ਮੌਤਾਂ ਹੋਈਆਂ ਸਨ। ਮਈ ਮਹੀਨਾ ਵੀ ਖ਼ਤਰਨਾਕ ਸਾਬਤ ਹੋ ਰਿਹਾ ਹੈ, ਜਿੱਥੇ ਹੁਣ ਤੱਕ 10 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜ਼ਿਕਰਯੋਗ ਹੈ ਕਿ 4 ਮਈ ਨੂੰ ਪੂਰਬੀ ਦਿੱਲੀ ਦੇ ਵਿਵੇਕ ਵਿਹਾਰ ਵਿੱਚ ਇੱਕ ਰਿਹਾਇਸ਼ੀ ਇਮਾਰਤ ਵਿੱਚ ਏਅਰ ਕੰਡੀਸ਼ਨਰ ਫਟਣ ਕਾਰਨ ਲੱਗੀ ਅੱਗ ਵਿੱਚ ਦੋ ਪਰਿਵਾਰਾਂ ਦੇ 9 ਮੈਂਬਰਾਂ ਦੀ ਮੌਤ ਹੋ ਗਈ ਸੀ। ਇਸ ਗੰਭੀਰ ਸਥਿਤੀ ਦੇ ਬਾਵਜੂਦ, ਦਿੱਲੀ ਫਾਇਰ ਸਰਵਿਸ ਦੇ ਕਰਮਚਾਰੀਆਂ ਨੇ ਪਿਛਲੇ ਚਾਰ ਮਹੀਨਿਆਂ ਵਿੱਚ 837 ਕੀਮਤੀ ਜਾਨਾਂ ਬਚਾਈਆਂ ਹਨ। ਇਕੱਲੇ ਅਪਰੈਲ ਵਿੱਚ 261 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਅੱਗ ਬੁਝਾਉਣ ਤੋਂ ਇਲਾਵਾ ਵਿਭਾਗ ਨੇ 1,254 ਜਾਨਵਰਾਂ ਅਤੇ 947 ਪੰਛੀਆਂ ਨੂੰ ਵੀ ਸੁਰੱਖਿਅਤ ਬਚਾਇਆ ਹੈ। ਅਧਿਕਾਰੀਆਂ ਨੇ ਵਧਦੀ ਗਰਮੀ ਦੇ ਮੱਦੇਨਜ਼ਰ ਲੋਕਾਂ ਨੂੰ ਬਿਜਲੀ ਦੇ ਉਪਕਰਨਾਂ ਅਤੇ ਕੂੜੇ ਦੇ ਨਿਪਟਾਰੇ ਸਬੰਧੀ ਵਧੇਰੇ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ।

