ਭ੍ਰਿਸ਼ਟਾਚਾਰ ਵਿਰੋਧੀ ਏਜੰਸੀਆਂ ਦੀ ਸਰਗਰਮੀ ਸਦਕਾ ਨਗਰ ਨਿਗਮ ਦੀ ਮਹਿਲਾ ਕਰਮਚਾਰੀ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਡੱਬੂਆ ਕਲੋਨੀ ਦੇ ਵਾਸੀ ਐਡਵੋਕੇਟ ਧਨਰਾਜ ਨੂੰ ਇੱਕ ਆਦਮੀ ਲਈ ਵਿਆਹ ਦਾ ਸਰਟੀਫਿਕੇਟ ਪ੍ਰਾਪਤ ਕਰਨ ਦੀ ਜ਼ਰੂਰਤ ਸੀ। ਅਜਿਹਾ ਕਰਨ ਲਈ ਉਸ ਨੇ ਸਬੰਧਤ ਸ਼ਾਖਾ ਵਿੱਚ ਕੰਮ ਕਰਨ ਵਾਲੀ ਕਲਰਕ ਮੋਨਿਕਾ ਭਾਟੀਆ ਨਾਲ ਸੰਪਰਕ ਕੀਤਾ। ਉਨ੍ਹਾਂ ਕਿਹਾ ਕਿ ਕਲਰਕ ਨੇ ਸਰਟੀਫਿਕੇਟ ਜਾਰੀ ਕਰਨ ਦੇ ਬਦਲੇ 2,000 ਰੁਪਏ ਦੀ ਮੰਗ ਕੀਤੀ ਸੀ। ਐਡਵੋਕੇਟ ਨੇ ਇਸ ਦੀ ਸ਼ਿਕਾਇਤ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਨੂੰ ਕੀਤੀ। ਸ਼ਿਕਾਇਤ ਮਿਲਣ ’ਤੇ ਏਜੰਸੀ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਅਤੇ ਜਾਂਚ ਸ਼ੁਰੂ ਕੀਤੀ। ਸ਼ਿਕਾਇਤ ਦੇ ਆਧਾਰ ’ਤੇ ਏ ਸੀ ਬੀ ਇੰਸਪੈਕਟਰ ਵਿਜੇਂਦਰ ਸਿੰਘ ਦੀ ਅਗਵਾਈ ਵਿੱਚ ਇੱਕ ਟੀਮ ਬਣਾਈ ਗਈ। ਸ਼ਿਕਾਇਤਕਰਤਾ ਨੂੰ ਕਰਮਚਾਰੀ ਨੂੰ ਨਿਸ਼ਾਨ ਲੱਗੇ ਨੋਟਾਂ ਨਾਲ ਭੇਜਿਆ ਗਿਆ। ਕਲਰਕ ਨੇ ਜਿਵੇਂ ਹੀ ਪੈਸੇ ਲਏ ਤਾਂ ਪਹਿਲਾਂ ਤੋਂ ਤਾਇਨਾਤ ਟੀਮ ਨੇ ਤੁਰੰਤ ਮੁਲਜ਼ਮ ਨੂੰ ਘੇਰ ਲਿਆ ਅਤੇ ਫੜ ਲਿਆ। ਜਾਂਚ ਤੋਂ ਪਤਾ ਲੱਗਾ ਕਿ ਮੁਲਜ਼ਮ ਔਰਤ ਐੱਚ ਕੇ ਆਰ ਐੱਨ ਐੱਲ ਅਧੀਨ ਤਾਇਨਾਤ ਸੀ ਅਤੇ ਕਥਿਤ ਤੌਰ ’ਤੇ ਸੰਯੁਕਤ ਕਮਿਸ਼ਨਰ, ਐੱਨ ਆਈ ਨੀ ਫ਼ਰੀਦਾਬਾਦ ਦੇ ਦਫ਼ਤਰ ਵਿੱਚ ਕੰਮ ਕਰਦੀ ਸੀ। ਉਸ ਦਾ ਕੰਮ ਫ਼ਰੀਦਾਬਾਦ ਨਗਰ ਨਿਗਮ ਦੀ ਵਿਆਹ ਸਰਟੀਫਿਕੇਟ ਸ਼ਾਖਾ ਨਾਲ ਵੀ ਜੁੜਿਆ ਹੋਇਆ ਸੀ। ਟੀਮ ਨੇ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਤਹਿਤ ਮੁਲਜ਼ਮ ਵਿਰੁੱਧ ਕੇਸ ਦਰਜ ਕੀਤਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਪੂਰੀ ਜਾਂਚ ਕੀਤੀ ਜਾਵੇਗੀ ਅਤੇ ਜੇ ਹੋਰ ਕਰਮਚਾਰੀ ਸ਼ਾਮਲ ਪਾਏ ਜਾਂਦੇ ਹਨ ਤਾਂ ਉਨ੍ਹਾਂ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ।

