ਕਿਸਾਨ ਯੂਨੀਅਨ ਨੇ ਝੋਨੇ ਦੇ ਘੁਟਾਲੇ ਬਾਰੇ ਚਿਤਾਵਨੀ ਦਿੱਤੀ
23 ਮਾਰਚ ਨੂੰ ਪਿਪਲੀ ਵਿੱਚ ਸੂਬਾ ਪੱਧਰੀ ਰੈਲੀ ਕਰਨ ਦਾ ਅੈਲਾਨ
ਭਾਰਤੀ ਕਿਸਾਨ ਯੂਨੀਅਨ ਹਰਿਆਣਾ ਵਿੱਚ ਝੋਨਾ ਘੁਟਾਲੇ ਦੇ ਸਬੰਧ ਵਿੱਚ ਅਧਿਕਾਰੀਆਂ ਵਿਰੁੱਧ ਕਾਰਵਾਈ ਦੀ ਲਗਾਤਾਰ ਮੰਗ ਕਰ ਰਹੀ ਹੈ। ਅੱਜ ਯਮੁਨਾਨਗਰ ਦੀ ਅਨਾਜ ਮੰਡੀ ਵਿੱਚ ਹੋਏ ਵਿਰੋਧ ਪ੍ਰਦਰਸ਼ਨ ਤੋਂ ਬਾਅਦ, ਕਿਸਾਨ ਯੂਨੀਅਨ ਦੇ ਆਗੂ ਸੰਜੂ ਗੁੰਦਿਆਨਾ ਨੇ ਕਿਹਾ ਕਿ ਹਰਿਆਣਾ ਵਿੱਚ ਇੱਕ ਵੱਡਾ ਝੋਨਾ ਘੁਟਾਲਾ ਹੋਇਆ ਹੈ, ਜਾਅਲੀ ਗੇਟ ਪਾਸ ਜਾਰੀ ਕੀਤੇ ਗਏ ਸਨ ਜਿਸ ਕਾਰਨ 38 ਮੰਡੀ ਸਕੱਤਰਾਂ ਨੂੰ ਚਾਰਜਸ਼ੀਟ ਕੀਤਾ ਗਿਆ ਸੀ। ਉਨ੍ਹਾਂ ਅੱਗੇ ਕਿਹਾ ਕਿ ਇਸੇ ਤਰ੍ਹਾਂ, ਯਮੁਨਾਨਗਰ ਵਿੱਚ ਲਗਭਗ 100 ਕਰੋੜ ਰੁਪਏ ਦੇ ਝੋਨਾ ਘੁਟਾਲੇ ਬਾਰੇ ਐੱਫ ਆਈ ਆਰ ਦਰਜ ਕਰਕੇ ਇੱਕ ਗ੍ਰਿਫ਼ਤਾਰੀ ਹੋਈ ਸੀ। ਉਨ੍ਹਾਂ ਕਿਹਾ ਕਿ ਜਾਅਲੀ ਗੇਟ ਪਾਸ ਜਾਰੀ ਕੀਤੇ ਗਏ ਸਨ ਅਤੇ ਜਾਅਲੀ ਖਰੀਦਦਾਰੀ ਕੀਤੀ ਗਈ ਸੀ, ਜਿਸ ’ਤੇ ਅਧਿਕਾਰੀਆਂ ਦੇ ਦਸਤਖ਼ਤ ਵੀ ਹੋਏ ਹੋਣਗੇ ਪਰ ਅੱਜ ਤੱਕ ਕਿਸੇ ਵੀ ਅਧਿਕਾਰੀ ਵਿਰੁੱਧ ਨਾ ਤੇ ਕੋਈ ਜ਼ਿੰਮੇਵਾਰੀ ਤੇ ਨਾ ਹੀ ਕੋਈ ਕਾਰਵਾਈ ਕੀਤੀ ਗਈ ਹੈ। ਸੰਜੂ ਗੁੰਦਿਆਨਾ ਨੇ ਦੋਸ਼ ਲਗਾਇਆ ਕਿ ਸਰਕਾਰ ਦੇ ਦਬਾਅ ਹੇਠ ਇਹ ਕਾਰਵਾਈ ਰੋਕੀ ਗਈ ਹੈ। ਇਸ ਵਿਰੁੱਧ 16 ਜਨਵਰੀ ਨੂੰ ਯਮੁਨਾਨਗਰ ਵਿੱਚ ਇੱਕ ਵਿਸ਼ਾਲ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਦੀ ਅਗਵਾਈ ਹਰਿਆਣਾ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ ਕਰਨਗੇ। ਉਨ੍ਹਾਂ ਕਿਹਾ ਕਿ 23 ਮਾਰਚ ਨੂੰ ਪਿਪਲੀ ਵਿੱਚ ਵੀ ਇਸੇ ਤਰ੍ਹਾਂ ਦੀ ਰਾਜ ਪੱਧਰੀ ਮੀਟਿੰਗ ਕੀਤੀ ਜਾਵੇਗੀ, ਜਿੱਥੇ ਭਵਿੱਖ ਦੀ ਰਣਨੀਤੀ ਬਣਾਈ ਜਾਵੇਗੀ । ਇਸ ਮੌਕੇ ਡਾਇਰੈਕਟਰ ਮਨਦੀਪ ਰੋਡ ਛੱਪਰ, ਜ਼ਿਲ੍ਹਾ ਯੂਥ ਪ੍ਰਧਾਨ ਸੰਦੀਪ ਟੋਪਰਾ, ਜ਼ਿਲ੍ਹਾ ਜਨਰਲ ਸਕੱਤਰ ਗੁਰਵੀਰ ਸਿੰਘ, ਕੁਰੂਕਸ਼ੇਤਰ ਜ਼ਿਲ੍ਹਾ ਇੰਚਾਰਜ ਪੱਪਲ ਗੁੰਦਿਆਨਾ, ਜ਼ਿਲ੍ਹਾ ਉਪ ਪ੍ਰਧਾਨ ਗੁਰਮੇਜ ਕਪੂਰੀ ਮੌਜੂਦ ਸਨ।

