ਭਾਰਤੀ ਕਿਸਾਨ ਯੂਨੀਅਨ (ਬੀ ਕੇ ਯੂ) ਨੇ ਚੌਲ ਘੁਟਾਲੇ ਦੇ ਰੋਜ਼ਾਨਾ ਹੋ ਰਹੇ ਖੁਲਾਸਿਆਂ ਖ਼ਿਲਾਫ਼ ਅੱਜ ਐੱਸ ਡੀ ਐੱਮ ਦਫ਼ਤਰ ਅੱਗੇ ਪ੍ਰਦਰਸ਼ਨ ਕੀਤਾ। ਯੂਨੀਅਨ ਨੇ ਰਾਈਸ ਮਿੱਲਾਂ ਦੀ ਫਿਜ਼ੀਕਲ ਵੈਰੀਫਿਕੇਸ਼ਨ (ਪੀ ਵੀ) ਅੰਦਰ ਬੇਨਿਯਮੀਆਂ ਦਾ ਦੋਸ਼ ਲਾਉਂਦਿਆਂ ਐੱਸ ਡੀ ਐੱਮ ਅਨਿਲ ਕੁਮਾਰ ਦੂਨ ਨੂੰ ਮੰਗ ਪੱਤਰ ਸੌਂਪਦਿਆਂ ਜਾਂਚ ਦੀ ਮੰਗ ਕੀਤੀ।
ਕਿਸਾਨਾਂ ਦੀ ਅਗਵਾਈ ਕਰਦਿਆਂ ਪ੍ਰਿੰਸ ਵੜੈਚ ਨੇ ਦੱਸਿਆ ਕਿ ਵਾਇਰਲ ਹੋਈ ਆਡੀਓ ਕਲਿੱਪ ਅਤੇ ਖਰਚੇ ਦੀ ਪਰਚੀ ਜਨਤਕ ਹੋਣ ਮਗਰੋਂ ਕਰੋੜਾਂ ਰੁਪਏ ਦਾ ਘਪਲਾ ਸਾਹਮਣੇ ਆਇਆ ਹੈ। ਇਸ ਨਾਲ ਸਰਕਾਰ ਅਤੇ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ। ਕਿਸਾਨ ਆਗੂ ਨੇ ਦੋਸ਼ ਲਗਾਇਆ ਕਿ ਇਹ ਘੁਟਾਲਾ ਰਾਈਸ ਮਿੱਲਰਾਂ ਅਤੇ ਕੁਝ ਅਧਿਕਾਰੀਆਂ ਦੀ ਆਪਸੀ ਮਿਲੀਭੁਗਤ ਦਾ ਨਤੀਜਾ ਹੈ। ਬਿਨਾਂ ਝੋਨਾ ਮੰਡੀ ਜਾਂ ਮਿੱਲ ਪਹੁੰਚੇ ਹੀ ਜਾਅਲੀ ਗੇਟ ਪਾਸ ਕੱਟ ਕੇ ਕਾਗਜ਼ਾਂ ਅੰਦਰ ਸਾਰੀ ਖੇਡ ਰਚੀ ਗਈ ਹੈ।
ਪ੍ਰਿੰਸ ਵੜੈਚ ਮੁਤਾਬਕ ਰਾਈਸ ਮਿੱਲ ਐਸੋਸੀਏਸ਼ਨ ਦੀਆਂ ਤਿੰਨ ਆਡੀਓ ਕਲਿੱਪਾਂ ਵਾਇਰਲ ਹੋ ਰਹੀਆਂ ਹਨ। ਕਾਰਵਾਈ ਤੋਂ ਬਚਣ ਅਤੇ ਹਰ ਮਿੱਲ ਦੀ ਕਲੀਨ ਚਿੱਟ ਬਦਲੇ ਪੀ ਵੀ ਟੀਮ ਅੱਗੇ 15,000 ਰੁਪਏ ਰਿਸ਼ਵਤ ਦੀ ਪੇਸ਼ਕਸ਼ ਹੋਈ ਹੈ। ਇਲਾਕੇ ਵਿੱਚ 48 ਦੇ ਕਰੀਬ ਚੌਲ ਮਿੱਲਾਂ ਹਨ। ਇੱਥੇ ਸਿਰਫ਼ ਝੋਨੇ ਵਿੱਚ ਹੀ ਨਹੀਂ ਸਗੋਂ ਕਮਿਸ਼ਨ, ਲੇਬਰ, ਤੋਲ, ਸਿਲਾਈ ਅਤੇ ਢੋਆ-ਢੁਆਈ ਅੰਦਰ ਵੀ ਵੱਡੀ ਧੋਖਾਧੜੀ ਹੁੰਦੀ ਹੈ।
ਕਿਸਾਨ ਯੂਨੀਅਨ ਦੇ ਦਬਾਅ ਮਗਰੋਂ ਮਿੱਲਾਂ ਦੀ ਪੀ ਵੀ ਚੱਲ ਰਹੀ ਹੈ, ਪਰ ਹੁਣ ਜਾਅਲੀ ਰਿਪੋਰਟਾਂ ਬਣਾ ਕੇ ਮਿੱਲਰਾਂ ਦੇ ਬਚਾਅ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਯੂਨੀਅਨ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਜਾਂਚ ਅਧਿਕਾਰੀਆਂ ਨੇ ਗਲਤ ਰਿਪੋਰਟ ਬਣਾਈ ਜਾਂ ਸਹੀ ਜਾਂਚ ਨਾ ਹੋਈ ਤਾਂ ਅੰਦੋਲਨ ਹੋਰ ਤੇਜ਼ ਹੋਵੇਗਾ।

