Farmers Protest Ends: ਕਿਸਾਨਾਂ ਨੇ ਹਰਿਆਣਾ-ਪੰਜਾਬ ਹੱਦ ਤੋਂ ਧਰਨਾ ਚੁੱਕਿਆ
ਕਿਸਾਨ ਆਗੂਆਂ ਦੀ ਰਿਹਾਈ ਉਪਰੰਤ ਸ਼ਾਮੀਂ ਛੇ ਵਜੇ ਤਿੰਨਾਂ ਬੈਰੀਅਰਾਂ ਤੋਂ ਧਰਨੇ ਚੁੱਕੇ
Punjab Farmers Protest: ਦੇਸ਼ ਬਚਾਓ ਮੋਰਚਾ ਦੀ ਅਗਵਾਈ ਹੇਠ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਭਾਰਤੀ ਜਨਤਾ ਪਾਰਟੀ ਦੀ ਹਰਿਆਣਾ ਸਰਕਾਰ ਵੱਲੋਂ ਕੇਂਦਰੀ ਖੇਤੀਬਾੜੀ ਮੰਤਰਾਲੇ ਨਾਲ ਵਿਚੋਲਗੀ ਕਰਨ ਦੇ ਭਰੋਸੇ ਤੋਂ ਬਾਅਦ ਸ਼ਾਮ ਨੂੰ ਹਰਿਆਣਾ-ਪੰਜਾਬ ਹੱਦ ਖਾਲੀ ਕਰ ਦਿੱਤੀ ਅਤੇ ਦਿੱਲੀ ਮਾਰਚ ਮੁਲਤਵੀ ਕਰ ਦਿੱਤਾ।
ਹਰਿਆਣਾ ਦੇ ਖੇਤੀ ਮੰਤਰੀ ਨੇ ਕਿਸਾਨਾਂ ਤੋਂ ਕੇਂਦਰ ਦੇ ਨਾਮ ਮੰਗ ਪੱਤਰ ਹਾਸਲ ਕਰਦਿਆਂ ਗ੍ਰਿਫ਼ਤਾਰ ਕਿਸਾਨਾਂ ਦੀ ਰਿਹਾਈ ਅਤੇ ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਨਾਲ ਅਗਲੇ ਦਿਨੀਂ ਮੀਟਿੰਗ ਕਰਾਉਣ ਦਾ ਭਰੋਸਾ ਦਿੱਤਾ। ਆਗੂਆਂ ਦੀ ਰਿਹਾਈ ਉਪਰੰਤ ਸ਼ਾਮੀਂ ਛੇ ਵਜੇ ਤਿੰਨਾਂ ਬੈਰੀਅਰਾਂ ਤੋਂ ਧਰਨੇ ਚੁੱਕ ਦਿੱਤੇ ਗਏ। ਕਿਸਾਨ ਆਗੂ ਯਾਦਵਿੰਦਰ ਸਿੰਘ ਬੁਰੜ ਨੇ ਕਿਹਾ ਕਿ ਅਗਲੇ ਅੱਠ ਤੋਂ ਦਸ ਦਿਨਾਂ ਅੰਦਰ ਕਿਸਾਨ ਪ੍ਰਤੀਨਿਧੀਆਂ ਨਾਲ ਕੇਂਦਰੀ ਆਗੂਆਂ ਦੀ ਗੱਲਬਾਤ ਸ਼ੁਰੂ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਹੈ।
ਹਾਲਾਂਕਿ, ਸੰਯੁਕਤ ਕਿਸਾਨ ਮੋਰਚਾ (SKM) ਨਾਲ ਜੁੜੇ ਸੰਗਠਨ ਅਜੇ ਵੀ ਵੱਖਰੇ ਤਰੀਕੇ ਨਾਲ ਆਪਣਾ ਵਿਰੋਧ ਪ੍ਰਦਰਸ਼ਨ ਜਾਰੀ ਰੱਖਣ ’ਤੇ ਅੜੇ ਹੋਏ ਹਨ। ਹਾਲਾਂਕਿ ਦੋਵੇਂ ਧੜੇ ਇੱਕੋ ਪਲੇਟਫਾਰਮ 'ਤੇ ਨਹੀਂ ਸਨ ਪਰ ਮੰਗਲਵਾਰ ਦਾ ਦਿਨ ਕਾਫ਼ੀ ਗਹਿਮਾ-ਗਹਿਮੀ ਵਾਲਾ ਰਿਹਾ। ਦੇਸ਼ ਬਚਾਓ ਮੋਰਚਾ ਨੇ ਭਾਰਤ-ਅਮਰੀਕਾ ਵਪਾਰ ਸਮਝੌਤੇ ਖਿਲਾਫ਼ ਦਿੱਲੀ ਦੇ ਕਿਸਾਨ ਘਾਟ ਵਿਚ ਰੈਲੀ ਕਰਨ ਦਾ ਸੱਦਾ ਦਿੱਤਾ ਸੀ।
ਬੀਕੇਯੂ (ਸ਼ਾਦੀਪੁਰ) ਦੇ ਪ੍ਰਧਾਨ ਬੂਟਾ ਸਿੰਘ ਸ਼ਾਦੀਪੁਰ ਨੇ ਸਪਸ਼ਟ ਕੀਤਾ ਕਿ ਉਹਨਾਂ ਦਾ ਸੰਗਠਨ ਅੰਦੋਲਨ ਨਾਲ ਜੁੜਿਆ ਹੋਇਆ ਹੈ ਪਰ ਉਹ ਵੱਖਰੇ ਤਰੀਕੇ ਨਾਲ ਵਿਰੋਧ ਜਤਾਉਣਗੇ। ਉਹਨਾਂ ਦੱਸਿਆ ਕਿ 'ਦੇਸ਼ ਬਚਾਓ ਮੋਰਚਾ' ਭਾਵੇਂ ਸਮਝੌਤੇ 'ਤੇ ਸਹਿਮਤ ਹੋ ਗਿਆ ਹੋਵੇ ਪਰ ਸੰਯੁਕਤ ਕਿਸਾਨ ਮੋਰਚਾ ਨਾਲ ਜੁੜੀਆਂ ਘੱਟੋ-ਘੱਟ 32 ਜਥੇਬੰਦੀਆਂ ਨੇ ਪੰਜਾਬ ਵਿੱਚ ਟੌਲ-ਫ੍ਰੀ ਮੁਹਿੰਮ ਚਲਾਉਣ ਅਤੇ ਭਾਜਪਾ ਆਗੂਆਂ ਦੇ ਘਰਾਂ ਦਾ ਘਿਰਾਓ ਕਰਨ ਦਾ ਫੈਸਲਾ ਕੀਤਾ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਅਜਿਹੇ ਹਾਲਾਤ ਨਹੀਂ ਬਣਾਉਣੇ ਚਾਹੀਦੇ ਜੋ 2020 ਦੇ ਕਿਸਾਨ ਅੰਦੋਲਨ ਦੀ ਯਾਦ ਦਿਵਾਉਣ।
ਦਿੱਲੀ ਮਾਰਚ ਵਿੱਚ ਸ਼ਾਮਲ ਨਾ ਹੋਣ ਬਾਰੇ ਉਹਨਾਂ ਕਿਹਾ ਕਿ ਸਾਰੇ ਗਰੁੱਪਾਂ ਵਿੱਚ ਕਿਸੇ ਇੱਕ ਪ੍ਰੋਗਰਾਮ 'ਤੇ ਸਹਿਮਤੀ ਨਹੀਂ ਬਣ ਸਕੀ ਸੀ।
ਹਰਿਆਣਾ ਸਰਕਾਰ ਦੇ ਭਰੋਸੇ ਤੋਂ ਬਾਅਦ ਛੱਡੇ ਗਏ ਗੁਰਨਾਮ ਸਿੰਘ ਚੜੂਨੀ ਅਤੇ ਹੋਰ ਕਿਸਾਨ ਆਗੂ
ਇਸ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਤੋਂ ਦਿੱਲੀ ਵੱਲ ਵਧ ਰਹੇ ਕਿਸਾਨਾਂ ਨੂੰ ਸ਼ੰਭੂ-ਅੰਬਾਲਾ ਅਤੇ ਖਨੌਰੀ-ਜੀਂਦ ਸਰਹੱਦਾਂ 'ਤੇ ਪੁਲੀਸ ਵੱਲੋਂ ਰੋਕ ਲਿਆ ਗਿਆ ਸੀ। ਹਰਿਆਣਾ ਵਿੱਚ ਅੰਦੋਲਨ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦੇ ਆਗੂ ਗੁਰਨਾਮ ਸਿੰਘ ਚੜੂਨੀ ਕਰ ਰਹੇ ਸਨ, ਜਿਹਨਾਂ ਨੂੰ ਪੁਲੀਸ ਨੇ ਇੱਕ ਦਿਨ ਪਹਿਲਾਂ ਹੀ ਕੁਰੂਕਸ਼ੇਤਰ ਨੇੜਿਓਂ ਹਿਰਾਸਤ ਵਿੱਚ ਲੈ ਲਿਆ ਸੀ। ਇਸ ਤੋਂ ਇਲਾਵਾ ਸੰਗਠਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਬੈਂਸ ਅਤੇ ਬੀਕੇਯੂ (ਪਿਹੋਵਾ) ਦੇ ਪ੍ਰਧਾਨ ਪ੍ਰਿੰਸ ਵੜੈਚ ਅਨੁਸਾਰ ਘੱਟੋ-ਘੱਟ 52 ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਕੇ ਪੁਲੀਸ ਲਾਈਨਜ਼ ਭੇਜਿਆ ਗਿਆ ਸੀ। ਸ਼ਾਮ ਨੂੰ ਹਰਿਆਣਾ ਦੇ ਖੇਤੀਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ ਵੱਲੋਂ ਕੇਂਦਰੀ ਖੇਤੀਬਾੜੀ ਮੰਤਰਾਲੇ ਨਾਲ 8 ਤੋਂ 10 ਦਿਨਾਂ ਦੇ ਅੰਦਰ ਬੈਠਕ ਕਰਵਾਉਣ ਦੇ ਦਿੱਤੇ ਭਰੋਸੇ ਤੋਂ ਬਾਅਦ ਤਣਾਅ ਘਟਿਆ ਅਤੇ ਗੁਰਨਾਮ ਸਿੰਘ ਚੜੂਨੀ ਸਮੇਤ ਹਿਰਾਸਤ ਵਿੱਚ ਲਏ ਗਏ ਸਾਰੇ ਕਿਸਾਨ ਆਗੂਆਂ ਨੂੰ ਰਿਹਾਅ ਕਰ ਦਿੱਤਾ ਗਿਆ।

