ਪੱਤਰ ਪ੍ਰੇਰਕ
ਰਤੀਆ, 25 ਮਈ
ਬਿਜਲੀ ਸਪਲਾਈ ਦੀਆਂ ਸਮੱਸਿਆਵਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ (ਹਰਿਆਣਾ) ਦਾ ਵਫ਼ਦ ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਅਤੇ ਹਰਿਆਣਾ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਸੁਖਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਬਿਜਲੀ ਵਿਭਾਗ ਦੇ ਐੱਸਸੀ ਫਤਿਆਬਾਦ ਨੂੰ ਮਿਲਿਆ। ਉਨ੍ਹਾਂ ਮੰਗ ਕੀਤੀ ਕਿ ਖੇਤੀ ਲਈ ਅੱਠ ਘੰਟੇ ਬਿਜਲੀ ਦਿੱਤੀ ਜਾਵੇ, ਨਵੇਂ ਟਿਊਬਵੈੱਲ ਕੁਨੈਕਸ਼ਨ ਬਿਨਾਂ ਸ਼ਰਤ ਜਾਰੀ ਹੋਣ, ਰਤੀਆ ਬਲਾਕ ਵਿਚ ਬਿਜਲੀ ਕਰਮਚਾਰੀਆਂ ਦੀ ਕਮੀ ਨੂੰ ਪੂਰਾ ਕੀਤਾ ਜਾਵੇ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਬਿਜਲੀ ਨਿਗਮ ਨੂੰ ਪੂਰੀ ਤਰ੍ਹਾਂ ਪ੍ਰਾਈਵੇਟ ਹੱਥਾਂ ਵਿਚ ਸੌਂਪਣ ਦਾ ਇਰਾਦਾ ਸਾਫ਼ ਦਿਖਾਈ ਦੇ ਰਿਹਾ ਹੈ। ਹਰਿਆਣਾ ਸਰਕਾਰ ਦਾ ਪ੍ਰਾਈਵੇਟ ਕੰਪਨੀ ਨਾਲ ਸਮਝੌਤਾ ਹੋਇਆ ਸੀ, ਜਿਸ ਵਿਚ ਘਰਾਂ ਲਈ 24 ਘੰਟੇ ਅਤੇ ਖੇਤਾਂ ਲਈ ਅੱਠ ਘੰਟੇ ਬਿਜਲੀ ਸਪਲਾਈ ਕੀਤੀ ਗਈ ਸੀ, ਪਰ ਕੰਪਨੀ ਇਸ ਤੋਂ ਮੁੱਕਰ ਰਹੀ ਹੈ। ਇਸ ਲਈ ਲੰਬੇ ਲੰਬੇ ਬਿਜਲੀ ਕੱਟ ਲਗਾਏ ਜਾ ਰਹੇ ਹਨ। ਪ੍ਰਾਈਵੇਟ ਕੰਪਨੀਆਂ ਬਿਜਲੀ ਕੱਟ ਲਗਾ ਕੇ ਇਹ ਦਰਸਾਉਣਾ ਚਾਹੁੰਦੀਆਂ ਹਨ ਕਿ ਬਿਜਲੀ ਦੀ ਕਮੀ ਹੈ, ਜਿਸ ਨਾਲ ਉਨ੍ਹਾਂ ਨੂੰ ਬਿਜਲੀ ਦਾ ਰੇਟ ਵਧਾਉਣ ਵਿਚ ਅਸਾਨੀ ਹੋਵੇ। ਇਸ ਮੌਕੇ ਅਮਨ ਰਤੀਆ, ਕਾਕਾ ਸਿੰਘ, ਲਾਡੀ ਸਿੰਘ ਆਦਿ ਵੀ ਹਾਜ਼ਰ ਸਨ।