ਸਿਰਸਾ (ਪ੍ਰਭੂ ਦਿਆਲ): ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਅੱਜ ਕਿਹਾ ਕਿ ਕਿਸਾਨ ਅੰਦੋਲਨ ਨੂੰ ਲੈ ਕੇ ਹਰ ਵਰਗ ਫ਼ਿਕਰਮੰਦ ਹੈ ਤੇ ਇਹ ਅੰਦੋਲਨ ਖ਼ਤਮ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਆਗੂ ਰਾਜਨੀਤੀ ਛੱਡ ਕੇ ਗੱਲਬਾਤ ਕਰਨ, ਕਿਉਂਕਿ ਇਸ ਮਸਲੇ ਦਾ ਹੱਲ ਗੱਲਬਾਤ ਨਾਲ ਹੀ ਨਿਕਲੇਗਾ। ਇਥੇ ਆਪਣੇ ਨਿਵਾਸ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਪ ਮੁੱਖ ਮੰਤਰੀ ਨੇ ਆਜ਼ਾਦ ਵਿਧਾਇਕ ਬਲਰਾਜ ਕੁੰਡੂ ਦੇ ਘਰ ਆਮਦਨ ਕਰ ਵਿਭਾਗ ਦੀ ਛਾਪੇਮਾਰੀ ’ਤੇ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਕਿਹਾ ਕਿ ਬਲਰਾਜ ਕੂੰਡੂ ਇਕ ਕਾਰੋਬਾਰੀ ਵੀ ਹਨ ਤੇ ਇਹ ਛਾਪੇ ਆਮਦਨ ਕਰ ਵਿਭਾਗ ਦੀ ਰੁਟੀਨ ਦੀ ਕਾਰਵਾਈ ਹੈ। ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵੱਲੋਂ ਵਿਧਾਨ ਸਭਾ ਵਿੱਚ ਬੇਭਰੋਸਗੀ ਮਤਾ ਲਿਆਉਣ ਸਬੰਧੀ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਹੁੱਡਾ ਲੋਕਾਂ ਵਿੱਚੋਂ ਭਰੋਸਾ ਗੁਆ ਚੁੱਕੇ ਹਨ ਤੇ ਹੁਣ ਵਿਧਾਨ ਸਭਾ ’ਚੋਂ ਵੀ ਗੁਆ ਲੈਣਗੇ। ਉਨ੍ਹਾਂ ਦਾਅਵਾ ਕੀਤਾ ਕਿ ਐਤਕੀਂ ਦਾ ਬਜਟ ਇਤਿਹਾਸਕ ਹੋਵੇਗਾ ਤੇ ਸੂਬੇ ਨੂੰ ਕਈ ਨਵੀਆਂ ਸੁਗਾਤਾਂ ਮਿਲਣਗੀਆਂ।