ਨਿੱਜੀ ਪੱਤਰ ਪ੍ਰੇਰਕ
ਸਿਰਸਾ, 8 ਮਈ
ਇੱਥੋਂ ਦੀ ਅਨਾਜ ਮੰਡੀ ਵਿੱਚ ਕਣਕ ਦੀ ਖਰੀਦ ਬੰਦ ਹੋਣ ਤੋਂ ਅੱਕੇ ਕਿਸਾਨਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਸੋਮਵਾਰ ਤੱਕ ਕਣਕ ਦੀ ਖ਼ਰੀਦ ਸ਼ੁਰੂ ਨਾ ਹੋਈ ਤਾਂ ਕਣਕ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਦੀ ਕੋਠੀ ਅੱਗੇ ਉਤਾਰੀ ਜਾਵੇਗੀ। ਇਸ ਸਬੰਧੀ ਕਿਸਾਨਾਂ ਦੇ ਇਕ ਵਫ਼ਦ ਨੇ ਤਹਿਸੀਲਦਾਰ ਨੂੰ ਮੰਗ ਪੱਤਰ ਸੌਂਪਿਆ ਹੈ। ਭਾਰਤੀ ਕਿਸਾਨ ਯੂਨੀਅਨ ਦੇ ਸੂਬਾਈ ਪ੍ਰਧਾਨ ਲਖਵਿੰਦਰ ਸਿੰਘ ਔਲਖ ਨੇ ਦੱਸਿਆ ਹੈ ਕਿ ਹਰਿਆਣਾ ਵਿੱਚ ਤਾਲਾਬੰਦੀ ਕਾਰਨ ਕਣਕ ਦੀ ਖ਼ਰੀਦ ਬੰਦ ਕਰ ਦਿੱਤੀ ਗਈ ਹੈ। ਕਣਕ ਦੀ ਖ਼ਰੀਦ ਬੰਦ ਕਰਨ ਤੇ ਭੁਗਤਾਨ ਨਾ ਹੋਣ ਕਾਰਨ ਕਿਸਾਨ ਆਪਣੀ ਸਾਉਣੀ ਦੀ ਫ਼ਸਲ ਦੀ ਬੀਜਾਈ ਨਹੀਂ ਕਰ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦਾਆਵਾ ਕਰ ਰਹੀ ਸੀ ਕਿ ਕਣਕ ਦਾ ਭੁਗਤਾਨ ਕਿਸਾਨਾਂ ਦੇ ਖਾਤਿਆਂ ’ਚ 48 ਘੰਟਿਆਂ ’ਚ ਕਰ ਦਿੱਤਾ ਜਾਵੇਗਾ ਪਰ ਹਾਲੇ ਤੱਕ ਪੈਸੇ ਕਿਸਾਨਾਂ ਦਾ ਖਾਤਿਆਂ ਵਿੱਚ ਨਹੀਂ ਆਏ ਹਨ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸੋਮਵਾਰ ਤੱਕ ਕਣਕ ਦੀ ਦੁਬਾਰਾ ਖਰੀਦ ਸ਼ੁਰੂ ਨਾ ਹੋਈ ਤੇ ਕਿਸਾਨਾਂ ਦੇ ਖਾਤਿਆਂ ਵਿੱਚ ਪੈਸੇ ਨਾ ਆਏ ਤਾਂ ਸੋਮਵਾਰ ਨੂੰ ਕਿਸਾਨ ਆਪਣੀਆਂ ਕਣਕ ਦੀਆਂ ਟਰਾਲੀਆਂ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਦੀ ਕੋਠੀ ਅੱਗੇ ਉਤਾਰਨ ਲਈ ਮਜ਼ਬੂਰ ਹੋਣਗੇ। ਇਸ ਮੌਕੇ ਗੁਰਪ੍ਰੀਤ ਸਿੰਘ, ਮੈਕਸ ਸਾਹੂਵਾਲਾ, ਗੁਰਮੀਤ ਸਿੰਘ ਨੌਕੋੜਾ, ਗੁਰੀ ਸੇਖੋਂ, ਬਲਜਿੰਦਰ ਵੈਦਵਾਲਾ, ਹਰਵਿੰਦਰ ਰੰਧਾਵਾ ਤੇ ਅਰਵਿੰਦਰ ਰੋੜੀ ਮੌਜੂਦ ਸਨ।