Faridabad's demolition drive: ਫਰੀਦਾਬਾਦ ਵਿੱਚ ਮਸਜਿਦ ਅਤੇ ਮੰਦਰਾਂ ’ਤੇ ਚੱਲੇ ਬੁਲਡੋਜ਼ਰ
Faridabad's demolition driveਫਰੀਦਾਬਾਦ ਪ੍ਰਸ਼ਾਸਨ ਨੇ ਅੱਜ ਤੜਕੇ ਆਰ.ਆਰ.ਟੀ.ਐੱਸ. (RRTS) ਕੋਰੀਡੋਰ ਅਤੇ ਐਲੀਵੇਟਿਡ ਰੋਡ ਦੀ ਤਿਆਰੀ ਲਈ ਐਨ.ਆਈ.ਟੀ.-3, ਮਸਜਿਦ ਚੌਕ ਵਿਖੇ 700 ਗਜ਼ ਦੀ ਮਸਜਿਦ ਸਮੇਤ ਕਈ ਨਾਜਾਇਜ਼ ਉਸਾਰੀਆਂ ਨੂੰ ਢਾਹ ਦਿੱਤਾ। ਇਸ ਡਿਮੋਲੀਸ਼ਨ (ਢਾਹ-ਢੇਰੀ) ਮੁਹਿੰਮ ਦੌਰਾਨ ਦੋ ਮੰਦਰਾਂ ਨੂੰ ਵੀ...
Faridabad's demolition driveਫਰੀਦਾਬਾਦ ਪ੍ਰਸ਼ਾਸਨ ਨੇ ਅੱਜ ਤੜਕੇ ਆਰ.ਆਰ.ਟੀ.ਐੱਸ. (RRTS) ਕੋਰੀਡੋਰ ਅਤੇ ਐਲੀਵੇਟਿਡ ਰੋਡ ਦੀ ਤਿਆਰੀ ਲਈ ਐਨ.ਆਈ.ਟੀ.-3, ਮਸਜਿਦ ਚੌਕ ਵਿਖੇ 700 ਗਜ਼ ਦੀ ਮਸਜਿਦ ਸਮੇਤ ਕਈ ਨਾਜਾਇਜ਼ ਉਸਾਰੀਆਂ ਨੂੰ ਢਾਹ ਦਿੱਤਾ। ਇਸ ਡਿਮੋਲੀਸ਼ਨ (ਢਾਹ-ਢੇਰੀ) ਮੁਹਿੰਮ ਦੌਰਾਨ ਦੋ ਮੰਦਰਾਂ ਨੂੰ ਵੀ ਢਾਹਿਆ ਗਿਆ।
ਇਹ ਢਾਹ-ਢੇਰੀ ਮੁਹਿੰਮ ਅੱਜ ਸਵੇਰੇ 4:00 ਵਜੇ ਸ਼ੁਰੂ ਕੀਤੀ ਗਈ ਸੀ, ਜਿਸ ਲਈ ਨਗਰ ਨਿਗਮ ਨੇ ਪਹਿਲਾਂ ਹੀ ਵਿਆਪਕ ਤਿਆਰੀਆਂ ਕਰ ਲਈਆਂ ਸਨ। ਕਾਨੂੰਨ ਅਤੇ ਵਿਵਸਥਾ ਦੀ ਕੋਈ ਸਮੱਸਿਆ ਪੈਦਾ ਨਾ ਹੋਵੇ, ਇਸ ਲਈ ਭਾਰੀ ਪੁਲੀਸ ਫੋਰਸ ਤਾਇਨਾਤ ਕੀਤੀ ਗਈ ਸੀ ਅਤੇ ਪੂਰੇ ਖੇਤਰ ਦੀ ਨੇੜਿਓਂ ਨਿਗਰਾਨੀ ਕੀਤੀ ਗਈ ਸੀ।
ਸ਼ੁੱਕਰਵਾਰ ਨੂੰ, ਹਰਿਆਣਾ ਸਰਕਾਰ ਦੇ ਗ੍ਰਹਿ ਵਿਭਾਗ ਨੇ ਕਾਨੂੰਨ ਵਿਵਸਥਾ ਅਤੇ ਜਨਤਕ ਸ਼ਾਂਤੀ ਬਣਾਈ ਰੱਖਣ ਲਈ ਫਰੀਦਾਬਾਦ ਜ਼ਿਲ੍ਹੇ ਦੇ ਐਨ.ਆਈ.ਟੀ. ਜ਼ੋਨ ਵਿੱਚ ਇੱਕ ਨਿਸ਼ਚਿਤ ਘੇਰੇ ਦੇ ਅੰਦਰ ਮੋਬਾਈਲ ਇੰਟਰਨੈੱਟ, ਬਲਕ ਐੱਸ.ਐੱਮ.ਐੱਸ. ਅਤੇ ਡੋਂਗਲ ਸੇਵਾਵਾਂ ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰਨ ਦਾ ਹੁਕਮ ਜਾਰੀ ਕੀਤਾ ਸੀ। ਇਹ ਕਦਮ ਅੱਜ ਖੇਤਰ ਵਿੱਚ ਪ੍ਰਸਤਾਵਿਤ ਇੱਕ ਵੱਡੀ ਢਾਹ-ਢੇਰੀ ਮੁਹਿੰਮ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਫਰੀਦਾਬਾਦ ਨਗਰ ਨਿਗਮ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਹੁਕਮਾਂ 'ਤੇ ਇਹ ਕਾਰਵਾਈ ਕੀਤੀ ਹੈ। ਪੁਲਿਸ ਨੇ ਰਾਤ ਕਰੀਬ 2:00 ਵਜੇ ਮਸਜਿਦ ਚੌਕ ਦੇ ਅੰਦਰ ਅਤੇ ਆਲੇ-ਦੁਆਲੇ ਬੈਰੀਕੇਡ ਲਗਾਉਣੇ ਸ਼ੁਰੂ ਕਰ ਦਿੱਤੇ ਸਨ। ਕਈ ਪ੍ਰਮੁੱਖ ਸੜਕਾਂ 'ਤੇ ਆਵਾਜਾਈ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਗਈ ਸੀ ਅਤੇ ਵਾਹਨਾਂ ਨੂੰ ਬਦਲਵੇਂ ਰੂਟਾਂ 'ਤੇ ਡਾਇਵਰਟ ਕਰ ਦਿੱਤਾ ਗਿਆ ਸੀ।
ਸੰਚਾਲਨ ਨੂੰ ਸੁਚਾਰੂ ਬਣਾਉਣ ਲਈ ਕਾਰਵਾਈ ਵਾਲੀ ਥਾਂ ਦੇ ਆਲੇ-ਦੁਆਲੇ ਲੋਕਾਂ ਅਤੇ ਵਾਹਨਾਂ ਦੀ ਆਵਾਜਾਈ ਨੂੰ ਪੂਰੀ ਤਰ੍ਹਾਂ ਸੀਮਤ ਕਰ ਦਿੱਤਾ ਗਿਆ ਸੀ। ਨਿਗਮ ਨੇ ਕਈ ਅਰਥਮੂਵਿੰਗ ਮਸ਼ੀਨਾਂ ਦੀ ਵਰਤੋਂ ਕਰਕੇ ਮਸਜਿਦ ਅਤੇ ਹੋਰ ਢਾਂਚਿਆਂ ਨੂੰ ਹਟਾ ਦਿੱਤਾ।
ਅਧਿਕਾਰੀਆਂ ਅਨੁਸਾਰ, ਇਹ ਕਾਰਵਾਈ ਪ੍ਰਸਤਾਵਿਤ ਵਿਕਾਸ ਪ੍ਰੋਜੈਕਟਾਂ ਦੀ ਸਹੂਲਤ ਲਈ ਕੀਤੀ ਗਈ ਸੀ। ਮਸਜਿਦ ਚੌਕ ਨੇੜੇ ਇੱਕ ਐਲੀਵੇਟਿਡ ਰੋਡ ਪ੍ਰਸਤਾਵਿਤ ਹੈ, ਜਦਕਿ ਗੁਰੂਗ੍ਰਾਮ-ਫਰੀਦਾਬਾਦ-ਨੋਇਡਾ ਨਮੋ ਭਾਰਤ ਆਰ.ਆਰ.ਟੀ.ਐਸ. (ਰੀਜਨਲ ਰੈਪਿਡ ਟ੍ਰਾਂਜ਼ਿਟ ਸਿਸਟਮ) ਕੋਰੀਡੋਰ ਵੀ ਇਸ ਖੇਤਰ ਵਿੱਚੋਂ ਲੰਘਣ ਲਈ ਤਹਿ ਕੀਤਾ ਗਿਆ ਹੈ। ਕਈ ਵੱਡੇ ਨਾਜਾਇਜ਼ ਢਾਂਚੇ ਇਨ੍ਹਾਂ ਦੋ ਮਹੱਤਵਪੂਰਨ ਪ੍ਰੋਜੈਕਟਾਂ ਦੇ ਰਾਹ ਵਿੱਚ ਰੁਕਾਵਟ ਬਣ ਰਹੇ ਸਨ, ਅਤੇ ਉਨ੍ਹਾਂ ਨੂੰ ਹਟਾਉਣਾ ਜ਼ਰੂਰੀ ਸਮਝਿਆ ਗਿਆ ਸੀ।
ਅਧਿਕਾਰੀਆਂ ਨੇ ਕਿਹਾ ਕਿ ਸ਼ਹਿਰ ਵਿੱਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਨੂੰ ਸਮੇਂ ਸਿਰ ਪੂਰਾ ਕਰਨਾ ਯਕੀਨੀ ਬਣਾਉਣ ਲਈ ਨਾਜਾਇਜ਼ ਕਬਜ਼ਿਆਂ ਅਤੇ ਉਸਾਰੀਆਂ ਨੂੰ ਹਟਾਉਣ ਦੀ ਮੁਹਿੰਮ ਜਾਰੀ ਰਹੇਗੀ।

