ਸਿਆਸਤ ਦੇ ਸੁਨਹਿਰੀ ਯੁੱਗ ਦਾ ਅੰਤ: ਮਹਾਂ-ਪੰਜਾਬ ਦੇ 105 ਸਾਲਾ ਸਾਬਕਾ ਵਿਧਾਇਕ ‘ਚੌਧਰੀ ਸਹੀ ਰਾਮ ਬਿਸ਼ਨੋਈ’ ਸਵਰਗ ਸਿਧਾਰੇ
ਬਲਦ-ਗੱਡੀ ਦੇ ਦੌਰ ਤੋਂ ਇੰਟਰਨੈੱਟ ਤੱਕ ਦਾ ਸਫ਼ਰ ਅੱਖੀਂ ਹੰਢਾਉਣ ਵਾਲੀ ਬੇਦਾਗ਼ ਸ਼ਖ਼ਸੀਅਤ ਨੇ ਲਏ ਆਖ਼ਰੀ ਸਾਹ
ਦੇਸ਼ ਦੀ ਵੰਡ ਅਤੇ ਮਹਾਂ-ਪੰਜਾਬ ਦੀ ਸਿਆਸਤ ਦੇ ਚਸ਼ਮਦੀਦ ਰਹੇ 105 ਸਾਲਾ ਸਾਬਕਾ ਵਿਧਾਇਕ ਸਹੀ ਰਾਮ ਬਿਸ਼ਨੋਈ ਦਾ ਦਿਹਾਂਤ ਹੋ ਗਿਆ ਹੈ। ਅੱਜ ਸਵੇਰੇ 4 ਵਜੇ ਡੱਬਵਾਲੀ ਦੇ ਪਿੰਡ ਸਕਤਾਖੇੜਾ ਵਿੱਚ ਉਨ੍ਹਾਂ ਨੇ ਆਖਰੀ ਸਾਹ ਲਿਆ। 1957 ਵਿੱਚ ਜਨਸੰਘ ਦੀ ਟਿਕਟ ’ਤੇ ਅਬੋਹਰ ਤੋਂ ਚੋਣ ਜਿੱਤ ਕੇ ਉਹ ਪੰਜਾਬ ਵਿਧਾਨ ਸਭਾ ਪੁੱਜਣ ਵਾਲੇ ਬਿਸ਼ਨੋਈ ਸਮਾਜ ਦੇ ਪਹਿਲੇ ਵਿਧਾਇਕ ਸਨ। ਇਸ ਚੋਣ ਵਿੱਚ ਉਨ੍ਹਾਂ ਨੇ ਸ੍ਰੀ ਖਿਆਲੀ ਨੂੰ 5724 ਵੋਟਾਂ ਦੇ ਫਰਕ ਨਾਲ ਹਰਾਇਆ ਸੀ।
ਸਹੀ ਰਾਮ ਬਿਸ਼ਨੋਈ ਦਾ ਜਨਮ 12 ਜਨਵਰੀ 1922 ਨੂੰ ਉਸ ਵੇਲੇ ਦੇ ਸਾਂਝੇ ਭਾਰਤ (ਹੁਣ ਪਾਕਿਸਤਾਨ) ਦੀ ਬਹਾਵਲਨਗਰ ਰਿਆਸਤ ਦੇ ਪਿੰਡ ਤਾਲੀਆ ਵਿੱਚ ਹੋਇਆ ਸੀ। ਉਨ੍ਹਾਂ ਦੀ ਮੁੱਢਲੀ ਸਿੱਖਿਆ ਸਟੇਟ ਹਾਈ ਸਕੂਲ, ਬਹਾਵਲਨਗਰ ਤੋਂ ਹੋਈ ਅਤੇ ਬਾਅਦ ਵਿੱਚ ਉਨ੍ਹਾਂ ਡੀ.ਐਮ. ਕਾਲਜ ਮੋਗਾ ਤੋਂ ਪੜ੍ਹਾਈ ਕੀਤੀ। ਉਨ੍ਹਾਂ ਲਾਹੌਰ ਅਤੇ ਸ਼ਿਮਲਾ ਦੇ ਲਾਅ ਕਾਲਜ ਤੋਂ ਵਕਾਲਤ ਦੀ ਡਿਗਰੀ ਹਾਸਲ ਕੀਤੀ ਸੀ। ਪੰਜਾਬ ਵਿਧਾਨ ਸਭਾ ਮੁਤਾਬਕ ਸਹੀ ਰਾਮ ਫੁੱਟਬਾਲ ਅਤੇ ਵਾਲੀਬਾਲ ਦੇ ਖਿਡਾਰੀ ਵੀ ਸਨ।
ਪੜ੍ਹਾਈ ਦੌਰਾਨ ਉਨ੍ਹਾਂ 1947 ਦੀ ਭਾਰਤ-ਪਾਕਿ ਵੰਡ ਦਾ ਦਰਦਨਾਕ ਮੰਜ਼ਰ ਨੂੰ ਅੱਖੀ ਵੇਖਿਆ। ਭਾਰਤ ਆ ਕੇ ਵੱਸਣ ਉਪਰੰਤ ਉਨ੍ਹਾਂ ਪੰਜਾਬ ਵਿੱਚ ਹਿੰਦੀ ਭਾਸ਼ਾ ਦੇ ਸਨਮਾਨ ਲਈ ਹੋਏ ਸੰਘਰਸ਼ ਵਿੱਚ ਸਰਗਰਮ ਭੂਮਿਕਾ ਨਿਭਾਈ ਅਤੇ ਤਿੰਨ ਮਹੀਨੇ ਫਿਰੋਜ਼ਪੁਰ ਜੇਲ੍ਹ ਵਿੱਚ ਕੱਟੇ। ਉਹ ਸਾਦਗੀ ਪਸੰਦ, ਬੇਦਾਗ ਸ਼ਖ਼ਸੀਅਤ ਅਤੇ ਜ਼ਮੀਨੀ ਆਗੂ ਸਨ। ਸਿਆਸਤ ਨੂੰ ‘ਗੰਦੀ’ ਮੰਨ ਕੇ ਉਨ੍ਹਾਂ ਨੇ ਆਪਣੇ ਪਰਿਵਾਰ ਨੂੰ ਇਸ ਤੋਂ ਪੂਰੀ ਤਰ੍ਹਾਂ ਦੂਰ ਰੱਖਿਆ।
ਉਨ੍ਹਾਂ ਬਲਦ-ਗੱਡੀ ਵਾਲੀ ਪੁਰਾਣੀ ਜਿੰਦਗੀ ਤੋਂ ਲੈ ਕੇ ਇੰਟਰਨੈੱਟ ਯੁਗ ਦੇ ਬਦਲਾਅ ਨੂੰ ਪ੍ਰਤੱਖ ਵੇਖਿਆ। ਸਾਦਾ ਤੇ ਤੰਦਰੁਸਤ ਜੀਵਨ ਸਦਕਾ 100 ਸਾਲ ਦੀ ਉਮਰ ਵਿੱਚ ਵੀ ਉਹ ਬਿਨਾਂ ਐਨਕ ਤੋਂ ਅਖ਼ਬਾਰ ਪੜ੍ਹਦੇ ਸਨ ਅਤੇ ਆਖਰੀ ਸਮੇਂ ਤੱਕ ਉਨ੍ਹਾਂ ਦੀ ਯਾਦਦਾਸ਼ਤ ਬਿਹਤਰੀਨ ਸੀ। ਉਮਰ ਦਾ ਸੈਂਕੜਾ ਪਾਰ ਕਰਨ ਬਾਅਦ ਵੀ ਉਨ੍ਹਾਂ ਅੰਦਰ ਇੱਕ ਵਿਦਿਆਰਥੀ ਤੇ ਨੌਜਵਾਨ ਝਲਕਦਾ ਸੀ। ਉਹ ਲੈਪਟਾਪ ’ਤੇ ਅੰਗਰੇਜ਼ੀ ਦੇ ਲੇਖ ਬੜੇ ਚਾਅ ਨਾਲ ਪੜ੍ਹਦੇ ਸਨ ਅਤੇ ਕੰਪਿਊਟਰ ਸਿੱਖਣ ਦੀ ਇੱਛਾ ਰੱਖਦੇ ਸਨ। ਲੰਬੇ ਜੀਵਨ ਵਿੱਚ ਉਹ ਹਮੇਸ਼ਾ ਖੇਤੀਬਾੜੀ ਨਾਲ ਜੁੜੇ ਰਹੇ ਅਤੇ ਆਖਰੀ ਦਿਨਾਂ ਤੱਕ ਆਪਣੇ ਖੇਤਾਂ ਦੀ ਦੇਖਭਾਲ ਖੁਦ ਕਰਦੇ ਸਨ।31 ਜਨਵਰੀ 2026 ਨੂੰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਵਫ਼ਦ ਨੇ ਪਿੰਡ ਸਕਤਾਖੇੜਾ ਆ ਕੇ ਉਨ੍ਹਾਂ ਨੂੰ ‘ਸਾਈਟੇਸ਼ਨ ਆਫ਼ ਆਨਰ’ ਨਾਲ ਨਿਵਾਜਿਆ ਸੀ। ਯੂਨੀਵਰਸਿਟੀ ਨੇ ਆਪਣੇ ਸਭ ਤੋਂ ਸੀਨੀਅਰ ਜਿਊਂਦੇ ਸਾਬਕਾ ਵਿਦਿਆਰਥੀ ਅਤੇ ਅਣਵੰਡੇ ਪੰਜਾਬ ਦੇ ਸਭ ਤੋਂ ਵੱਡੀ ਉਮਰ ਦੇ ਸਾਬਕਾ ਵਿਧਾਇਕ ਨੂੰ ਇਹ ‘ਖਾਸ’ ਸਨਮਾਨ ਦਿੱਤਾ ਸੀ। ਵੱਡੀ ਉਮਰ ਵਿੱਚ ਵੀ ਉਨ੍ਹਾਂ ਲਾਹੌਰ ਤੇ ਸਾਂਝੇ ਪੰਜਾਬ ਦੀਆਂ ਪੁਰਾਣੀਆਂ ਯਾਦਾਂ ਨੂੰ ਸਾਂਝਾ ਕੀਤਾ ਸੀ।
ਵੰਡ ਦਾ ਦਰਦ ਹਮੇਸ਼ਾ ਬਣਿਆ ਰਿਹਾ
ਭਾਰਤ-ਪਾਕਿਸਤਾਨ ਵੰਡ ਦਾ ਦਰਦ ਉਨ੍ਹਾਂ ਦੇ ਮਨ ਵਿੱਚ ਤਾ-ਉਮਰ ਰਿਹਾ। ਵੰਡ ਵੇਲੇ ਪਾਕਿਸਤਾਨ ਵਿੱਚ ਉਨ੍ਹਾਂ ਦੀ ਕਰੀਬ ਪੰਜ ਹਜ਼ਾਰ ਵਿੱਘੇ ਜ਼ਮੀਨ ਰਹਿ ਗਈ ਸੀ। ਇਸਦੇ ਬਦਲੇ ਭਾਰਤ ਵਿੱਚ ਜ਼ਮੀਨ ਅਲਾਟਮੈਂਟ ਦਾ ਆਖਰੀ ਪੜਾਅ ਆਇਆ, ਤਾਂ ਉਨ੍ਹਾਂ ਦੇ ਪਰਿਵਾਰ ਨੂੰ ਪਿੰਡ ਸਕਤਾਖੇੜਾ ਵਿੱਚ ਸਿਰਫ਼ 500 ਵਿੱਘੇ ਭਾਵ ਸਿਰਫ਼ 10 ਫੀਸਦੀ ਜ਼ਮੀਨ ਹੀ ਮਿਲ ਸਕੀ।
‘ਅਖੰਡ ਭਾਰਤ’ ਦੀ ਤਾਂਘ ‘ਕਾਇਮ’ ਰਹੀ
ਫਰਵਰੀ 2022 ਦੀ ਅਬੋਹਰ ਰੈਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਟੇਜ ਤੇ ਸਹੀ ਰਾਮ ਤੋਂ ਆਸ਼ੀਰਵਾਦ ਲਿਆ ਸੀ। 1947 ਵੰਡ ਦਾ ਦਰਦ ਉਨ੍ਹਾਂ ਦੇ ਜ਼ਹਿਨ ਵਿੱਚ ਹਮੇਸ਼ਾ ਤਾਜ਼ਾ ਰਿਹਾ। ਉਨ੍ਹਾਂ ਦੇ ਦਿਲੋ-ਦਿਮਾਗ ‘ਤੇ ‘ਅਖੰਡ ਭਾਰਤ’ ਦੀ ਤਸਵੀਰ ਹਮੇਸ਼ਾਂ ਉਬਾਲੇ ਲੈਂਦੀ ਰਹੀ। ਉਨ੍ਹਾਂ ਮੀਡੀਆ ਅਤੇ ਮੰਤਰੀਆਂ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਆਪਣਾ ਸੁਨੇਹਾ ਪਹੁੰਚਾਇਆ ਸੀ ਕਿ ‘ਪਾਕਿਸਤਾਨ ਵਾਲਾ ਬਾਰਡਰ ਹਟਾ ਦਿਓ ਅਤੇ ਭਾਰਤ ਨੂੰ ਇੱਕ ਕਰ ਦਿਓ।’

