ਤੰਦਰੁਸਤੀ ਲਈ ਜੀਵਨ ਸ਼ੈਲੀ ਬਦਲਣ ’ਤੇ ਜ਼ੋਰ ਜ਼ਰੂਰੀ: ਸੀਮਾ
ਆਯੂਸ਼ ਯੂਨੀਵਰਸਿਟੀ ਦੀ ਟੀਮ ਨੇ ਵਿਦਿਆਰਥਣਾਂ ਨੂੰ ਜਾਗਰੂਕ ਕੀਤਾ
ਸ੍ਰੀ ਕਿਸ਼ਨ ਆਯੂਸ਼ ਯੂਨੀਵਰਸਿਟੀ ਦੇ ਸਿਹਤ ਸਰਕਲ ਵਿਭਾਗ ਵੱਲੋਂ ਸਰਕਾਰੀ ਸਕੂਲ ਰਤਗਲ ’ਚ ਜਾਗਰੂਕਤਾ ਪ੍ਰੋਗਰਾਮ ਕੀਤਾ ਗਿਆ। ਇਸ ਵਿੱਚ ਕੁੜੀਆਂ ਨੂੰ ਤੰਦਰੁਸਤ ਜੀਵਨ ਸ਼ੈਲੀ, ਯੋਗ ਤੇ ਸੰਤੁਲਿਤ ਭੋਜਨ ਦੇ ਮਹੱਤਵ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਆਯੂਸ਼ ਯੂਨੀਵਰਸਿਟੀ ਦੀ ਪ੍ਰੋਫੈਸਰ ਡਾ. ਸੀਮਾ ਰਾਣੀ ਨੇ ਦੱਸਿਆ ਕਿ ਸਿਹਤਮੰਦ ਜੀਵਨ ਸ਼ੈਲੀ ਅਪਨਾਉਣ ਨਾਲ ਮਨ ਤੇ ਸਰੀਰ ਦੋਵੇਂ ਤੰਦਰੁਸਤ ਰਹਿੰਦੇ ਹਨ। ਉਨ੍ਹਾਂ ਨੇ ਵਿਦਿਆਰਥਣਾਂ ਨੂੰ ਰੋਜ਼ਾਨਾ ਸਵੇਰੇ ਯੋਗ ਕਰਨ, ਸੰਤੁਲਿਤ ਭੋਜਨ ਲੈਣ ਤੇ ਫਾਸਟ ਫੂਡ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਗ਼ਲਤ ਖਾਣ-ਪੀਣ ਤੇ ਮਾੜੀ ਜੀਵਨ ਸ਼ੈਲੀ ਕਾਰਨ ਲੜਕੀਆਂ ਵਿੱਚ ਖੂਨ ਦੀ ਕਮੀ ਦੀ ਸਮੱਸਿਆ ਵਧਦੀ ਜਾ ਰਹੀ ਹੈ। ਇਸ ਨੂੰ ਰੋਕਣ ਲਈ ਪੌਸ਼ਟਿਕ ਭੋਜਨ, ਯੋਗ ਅਭਿਆਸ ਅਤੇ ਜ਼ਰੂਰਤ ਅਨੁਸਾਰ ਨੀਂਦ ਲੈਣੀ ਜ਼ਰੂਰੀ ਹੈ। ਪ੍ਰੋਗਰਾਮ ਵਿੱਚ ਨਿੱਜੀ ਸਾਫ਼-ਸਫ਼ਾਈ ਬਾਰੇ ਚਰਚਾ ਕੀਤੀ ਗਈ। ਉਨ੍ਹਾਂ ਨੇ ਵਿਦਿਆਰਥਣਾਂ ਨੂੰ ਦੱਸਿਆ ਕਿ ਨਿੱਜੀ ਸਫ਼ਾਈ ਰੱਖਣਾ ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਜ਼ਰੂਰੀ ਹੈ। ਜਾਗਰੂਕਤਾ ਪ੍ਰੋਗਰਾਮ ਦੌਰਾਨ ਵਿਦਿਆਰਥਣਾਂ ਨੂੰ ਆਯੂਰਵੈਦਿਕ ਦ੍ਰਿਸ਼ਟੀਕੋਣ ਪੱਖੋਂ ਤੰਦਰੁਸਤ ਰਹਿਣ ਲਈ ਵੱਖ-ਵੱਖ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੂੰ ਆਪਣੇ ਦਿਨ ਦੇ ਰੁਝੇਵਿਆਂ ਵਿੱਚ ਛੋਟੇ-ਛੋਟੇ ਸਕਾਰਾਤਮਕ ਬਦਲਾਅ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਪੀ ਜੀ ਸਕਾਲਰ ਡਾ. ਨੇਹਾ, ਡਾ. ਸ਼ਵੇਤਾ, ਡਾ. ਮੇਘਾ, ਡਾ. ਪ੍ਰਵੇਸ਼ ਤੇ ਡਾ. ਨੀਤੀਸ਼ ਮੌਜੂਦ ਸਨ।

