ਸੱਤਿਆ ਪ੍ਰਕਾਸ਼
ਨਵੀਂ ਦਿੱਲੀ, 27 ਸਤੰਬਰ
ਕੇਂਦਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਨੇ ਦਿੱਲੀ ਤੋਂ ਐਨੀਸੀਆਰ ਤਕ ਜਾਂਦੀਆਂ ਸੜਕਾਂ ’ਤੇ ਧਰਨੇ ਲਾਏ ਹੋਏ ਹਨ। ਹਰਿਆਣਾ ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਹੈ ਕਿ ਸਰਕਾਰ ਨੇ ਬੰਦ ਕੀਤੀਆਂ ਸੜਕਾਂ ਖੁੱਲ੍ਹਵਾਉਣ ਤੇ ਆਵਾਜਾਈ ਸੁਚਾਰੂ ਢੰਗ ਨਾਲ ਯਕੀਨੀ ਬਣਾਉਣ ਲਈ ਯਤਨ ਕੀਤੇ ਹਨ। ਸਰਕਾਰ ਨੇ ਅਦਾਲਤ ਵਿਚ ਹਲਫਨਾਮਾ ਦਾਇਰ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਯਤਨ ਕੀਤੇ ਗਏ ਹਨ ਕਿ ਧਰਨਿਆਂ ਕਾਰਨ ਆਮ ਲੋਕਾਂ ਨੂੰ ਪ੍ਰੇਸ਼ਾਨੀ ਨਾ ਹੋਵੇ। ਹਰਿਆਣਾ ਸਰਕਾਰ ਨੇ ਕਿਹਾ ਕਿ ਇਸ ਸਬੰਧੀ ਵਧੀਕ ਮੁੱਖ ਸਕੱਤਰ ਦੀ ਅਗਵਾਈ ਹੇਠ ਕਮੇਟੀ ਬਣਾਈ ਗਈ ਸੀ ਪਰ ਇਸ ਕਮੇਟੀ ਦੀ 19 ਸਤੰਬਰ ਵਾਲੀ ਮੀਟਿੰਗ ਵਿਚ ਕਿਸਾਨ ਆਗੂ ਪੁੱਜੇ ਹੀ ਨਹੀਂ। ਇਸ ਮੀਟਿੰਗ ਵਿਚ ਸੋਨੀਪਤ ਦੇ ਵਪਾਰੀ ਪੁੱਜੇ ਤੇ ਉਨ੍ਹਾਂ ਸੜਕ ਜਾਮ ਹੋਣ ਕਾਰਨ ਸਮੱਸਿਆਵਾਂ ਦੱਸੀਆਂ। ਇਸ ਸਬੰਧੀ ਨੋਇਡਾ ਦੀ ਵਸਨੀਕ ਮੋਨਿਕਾ ਅਗਰਵਾਲ ਨੇ ਪਟੀਸ਼ਨ ਦਾਇਰ ਕਰ ਕੇ ਕਿਹਾ ਸੀ ਕਿ ਉਹ ਸਿੰਗਲ ਪੇਰੈਂਟ ਹੈ ਤੇ ਸਿਹਤ ਸਬੰਧੀ ਸਮੱਸਿਆਵਾਂ ਹੋਣ ਕਾਰਨ ਉਸ ਨੂੰ ਨੋਇਡਾ ਤੋਂ ਦਿੱਲੀ ਜਾਣ ਲਈ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।