ਸਿੱਖਿਆ ਮੰਤਰੀ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ
ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ’ਚ ਕਈ ਮਾਮਲੇ ਮੌਕੇ ’ਤੇ ਨਿਬੇਡ਼ੇ
ਇੱਥੇ ਸਿੱਖਿਆ ਮੰਤਰੀ ਮਹੀਂਪਾਲ ਢਾਂਡਾ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਹੋਈ। ਮੀਟਿੰਗ ਵਿੱਚ ਸਫ਼ੀਦੋਂ ਨਗਰ ਕੌਂਸਲ ਨਾਲ ਸਬੰਧਤ ਸ਼ਿਕਾਇਤ ਵਿੱਚ ਸਿੱਖਿਆ ਮੰਤਰੀ ਨੇ ਅਧਿਕਾਰੀਆਂ ਦੀ ਝਾੜ ਝੰਬ ਕਰਦੇ ਹੋਏ ਕਿਹਾ ਕਿ ਜੇ 3 ਦਿਨਾਂ ਵਿੱਚ ਸ਼ਿਕਾਇਤਕਰਤਾ ਦੀ ਸਮੱਸਿਆ ਹੱਲ ਨਹੀਂ ਹੋਈ ਤਾਂ ਨਗਰ ਕੌਂਸਲ ਦੇ ਸਕੱਤਰ ਨੂੰ ਮੁਅੱਤਲ ਕਰ ਦਿੱਤਾ ਜਾਵੇਗਾ। ਜਾਣਕਾਰੀ ਅਨੁਸਾਰ ਨਗਰ ਕੌਂਸਲ ਵੱਲੋਂ ਜਿੱਥੇ ਕੂੜਾ ਸੁੱਟਿਆ ਜਾ ਰਿਹਾ ਹੈ ਉਥੇ ਆਲ-ਦੁਆਲੇ ਖੇਤ ਹਨ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਇਹ ਕੂੜਾ ਉਨ੍ਹਾਂ ਦੇ ਖੇਤਾਂ ਵਿੱਚ ਆ ਜਾਂਦਾ ਹੈ ਜਿਸ ਨਾਲ ਉਨ੍ਹਾਂ ਦਾ ਫਸਲ ਨੁਕਸਾਨ ਹੁੰਦਾ ਹੈ। ਇਸ ਮਾਮਲੇ ਵਿੱਚ ਮੰਤਰੀ ਨੇ ਸਖ਼ਤ ਐਕਸ਼ਨ ਲਿਆ ਤੇ ਨਗਰ ਕੌਂਸਲ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਤਿੰਨ ਦਿਨਾਂ ਵਿੱਚ ਇਸ ਸਮੱਸਿਆ ਦਾ ਪੱਕਾ ਹੱਲ ਕੀਤਾ ਜਾਵੇ। ਜੇਕਰ ਇਸ ਸੱਮਸਿਆ ਦਾ ਹੱਲ ਨਹੀਂ ਹੁੰਦਾ ਤਾਂ ਨਗਰ ਕੌਂਸਲ ਸਕੱਤਰ ਨੂੰ ਮੁਅੱਤਲ ਕਰ ਦਿੰਤਾ ਜਾਵੇ। ਮੰਤਰੀ ਨੇ ਕਿਹਾ ਹੈ ਕਿ ਸੂਬਾ ਸਰਕਾਰ ਆਮ ਲੋਕਾਂ ਨੂੰ ਇਨਸਾਫ਼ ਦੇਣ ਲਈ ਵਚਨਬੱਧ ਹੈ। ਅੱਜ ਮੀਟਿੰਗ ਵਿੱਚ ਕੁੱਲ 13 ਸ਼ਿਕਾਇਤਾਂ ਰੱਖੀਆਂ ਗਈਆਂ, ਜਿਨ੍ਹਾਂ ਵਿੱਚੋਂ 5 ਸ਼ਿਕਾਇਤਾਂ ਦਾ ਨਿਬੇੜਾ ਮੌਕੇ ਉੱਤੇ ਹੀ ਕਰ ਦਿੱਤਾ ਗਿਆ ਤੇ ਬਾਕੀ ਮਾਮਲੇ ਸਬੰਧਤ ਅਧਿਕਾਰੀਆਂ ਨੂੰ ਸਮੇਂ ਅਨੁਸਾਰ ਨਿਬੇੜਨ ਲਈ ਆਖਿਆ। ਉਨ੍ਹਾਂ ਨੇ ਨਰਵਾਣਾ ਸਥਿਤ ਪੁਰਾਣੀ ਕੋਰਟ ਰੋਡ ’ਤੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਜਲਦੀ ਨਾਲਾ ਬਣਾਉਣ ਲਈ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ, ਨੈਸ਼ਨਲ ਹਾਈਵੇ ’ਤੇ ਲਾਈਟਾਂ, ਟੋਏ, ਬਰਸਾਤੀ ਪਾਣੀ ਦੀ ਨਿਕਾਸੀ ਅਤੇ ਮੈਨਹੋਲਾਂ ਦੇ ਢੱਕਣ ਲਗਵਾਉਣ ਲਈ ਐੱਨ ਐੱਚ ਏ ਆਈ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਇਸੇ ਤਰ੍ਹਾਂ ਦੀਆਂ ਹੋਰ ਸ਼ਿਕਾਇਤਾਂ ਵੀ ਸੁਣੀਆਂ ਗਈਆਂ। ਇਸ ਮੌਕੇ ਉਚਾਨਾ ਦੇ ਵਿਧਾਇਕ ਦੇਵਿੰਦਰ ਅੱਤਰੀ, ਡੀ ਸੀ ਮੁਹੰਮਦ ਇਮਰਾਨ ਰਜ਼ਾ, ਐੱਸ ਪੀ ਕੁਲਦੀਪ ਸਿੰਘ, ਏ ਡੀ ਸੀ ਪ੍ਰਦੀਪ ਕੁਮਾਰ ਸਾਰੇ ਉਪ-ਮੰਡਲਾਂ ਦੇ ਐੱਸ ਡੀ ਐੱਮ ਅਤੇ ਹੋਰ ਭਾਜਪਾ ਨੇਤਾ ਹਾਜ਼ਰ ਸਨ।

