ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 13 ਜਨਵਰੀ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਇਕ ਦਿਨ ਮਗਰੋਂ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ। ਮੀਟਿੰਗ ’ਚ ਹੋਈ ਗੱਲਬਾਤ ਦੇ ਵੇਰਵਿਆਂ ਬਾਰੇ ਭਾਵੇਂ ਅਧਿਕਾਰਤ ਤੌਰ ’ਤੇ ਕੁਝ ਨਹੀਂ ਕਿਹਾ ਗਿਆ, ਪਰ ਸੂਤਰਾਂ ਦੀ ਮੰਨੀਏ ਤਾਂ ਚੌਟਾਲਾ ਨੇ ਪ੍ਰਧਾਨ ਮੰਤਰੀ ਨੂੰ ਕੋਵਿਡ-19 ਦੇ ਟਾਕਰੇ ਲਈ ਭਾਰਤ ਵਿੱਚ ਹੀ ਨਿਰਮਤ ਕਰੋਨਾ ਵੈਕਸੀਨ ਲਈ ਵਧਾਈ ਦਿੱਤੀ। ਸੂਤਰਾਂ ਨੇ ਕਿਹਾ ਕਿ ਮੋਦੀ-ਚੌਟਾਲਾ ਮੁਲਾਕਾਤ ਦੌਰਾਨ ਮੌਜੂਦਾ ਸਿਆਸੀ ਹਾਲਾਤ ਤੇ ਕਿਸਾਨ ਅੰਦੋਲਨ ਨੂੰ ਲੈ ਕੇ ਹਰਿਆਣਾ ’ਚ ਅਮਨ ਤੇ ਕਾਨੂੰਨ ਦੀ ਸਥਿਤੀ ਬਾਰੇ ਵੀ ਚਰਚਾ ਹੋਈ। ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਪ੍ਰਧਾਨ ਮੰਤਰੀ ਨੂੰ ਲੰਘੇ ਦਿਨ ਪਾਰਟੀ (ਜੇਜੇਪੀ) ਵਿਧਾਇਕਾਂ ਨਾਲ ਕੀਤੀ ਮੀਟਿੰਗ ਅਤੇ ਖੇਤੀ ਦੇ ਆਧੁਨਿਕੀਕਰਨ ਤੇ ਇਸ ਨੂੰ ਹੋਰ ਲਾਭਦਾਇਕ ਬਣਾਉਣ ਲਈ ਮਿਲੇ ਸੁਝਾਵਾਂ ਤੋਂ ਜਾਣੂ ਕਰਵਾਇਆ। ਦੁਸ਼ਯੰਤ ਨੇ ਮੀਟਿੰਗ ਦੌਰਾਨ ਹਰਿਆਣਾ ਨੂੰ ਟੈਕਸਟਾਈਲ ਹੱਬ ਤੇ ਪੂਰਬੀ-ਪੱਛਮੀ ਗਲਿਆਰਾ ਬਣਾਉਣ ਸਮੇਤ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਬਾਰੇ ਅਪੀਲ ਕੀਤੀ। ਪ੍ਰਧਾਨ ਮੰਤਰੀ ਦੀ ਰਿਹਾਇਸ਼ ਤੋਂ ਬਾਹਰ ਆਏ ਦੁਸ਼ਯੰਤ ਨੇ ਬਾਹਰ ਖੜ੍ਹੇ ਪੱਤਰਕਾਰਾਂ ਦੇ ਕਿਸੇ ਸਵਾਲ ਦਾ ਜਵਾਬ ਨਹੀਂ ਦਿੱਤਾ। ਦੁਸ਼ਯੰਤ ਨਾਲ ਮੀਟਿੰਗ ਉਪਰੰਤ ਪ੍ਰਧਾਨ ਮੰਤਰੀ ਮੋਦੀ ਕੇਂਦਰੀ ਕਾਨੂੰਨ ਤੇ ਨਿਆਂ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੂੰ ਵੀ ਆਪਣੀ ਰਿਹਾਇਸ਼ ’ਤੇ ਮਿਲੇ।
‘ਗੱਠਜੋੜ ਸਰਕਾਰ ਦੇ ਭਵਿੱਖ ਨੂੰ ਲੈ ਕੇ ਕੋਈ ਖ਼ਤਰਾ ਨਹੀਂ’
ਕਾਬਿਲੇਗੌਰ ਹੈ ਕਿ ਮੰਗਲਵਾਰ ਨੂੰ ਕੇਂਦਰੀ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਮਗਰੋਂ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਪੱਤਰਕਾਰਾਂ ਅੱਗੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੀ ਗੱਠਜੋੜ ਸਰਕਾਰ ਦੇ ਭਵਿੱਖ ਨੂੰ ਲੈ ਕੇ ਕੋਈ ਖ਼ਤਰਾ ਨਹੀਂ ਹੈ ਤੇ ਸਰਕਾਰ ਆਪਣੀ ਮਿਆਦ ਪੂਰੀ ਕਰੇਗੀ। ਸ਼ਾਹ ਨਾਲ ਮੀਟਿੰਗ ਮਗਰੋਂ ਦੋਵਾਂ ਆਗੂਆਂ ਨੇ 26 ਜਨਵਰੀ ਨੂੰ ਗਣਤੰਤਰ ਦਿਹਾੜੇ ਮੌਕੇ ਅਮਨ ਤੇ ਕਾਨੂੰਨ ਦੀ ਸਥਿਤੀ ਬਾਰੇ ਚਰਚਾ ਕੀਤੇ ਜਾਣ ਦਾ ਦਾਅਵਾ ਕੀਤਾ ਸੀ।