ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 12 ਸਤੰਬਰ
ਜ਼ਿਲ੍ਹਾ ਨਗਰ ਯੋਜਨਾਕਾਰ (ਡੀਟੀਪੀ) ਦੀ ਟੀਮ ਨੇ ਡੀਸੀ ਦੇ ਹੁਕਮਾਂ ’ਤੇ ਰੈਵੇਨਿਊ ਸੰਪਦਾ ਪਿੰਡ ਪੱਟੀ ਝਾਮੜਾ ਤਹਿਸੀਲ ਸ਼ਾਹਬਾਦ ਵਿਚ ਬਣ ਰਹੀ ਇਕ ਨਾਜਾਇਜ਼ ਕਾਲੋਨੀ ’ਤੇ ਕਾਰਵਾਈ ਕੀਤੀ ਹੈ। ਜ਼ਿਲ੍ਹਾ ਨਗਰ ਯੋਜਨਾਕਾਰ ਦੇ ਅਧਿਕਾਰੀ ਅਸ਼ੋਕ ਗਰਗ ਨੇ ਪ੍ਰੈਸ ਨੂੰ ਬਿਆਨ ਵਿੱਚ ਦੱਸਿਆ ਕਿ ਰੈਵੇਨਿਊ ਸੰਪਦਾ ਪੱਟੀ ਝਾਮੜਾ ਵਿਚ ਬਣ ਰਹੀ ਨਾਜਾਇਜ਼ ਕਲੋਨੀ ਨੂੰ ਡੀਸੀ ਦੇ ਹੁਕਮਾਂ ’ਤੇ ਢਾਹਿਆ ਗਿਆ ਹੈ। ਗਰਗ ਨੇ ਦੱਸਿਆ ਕਿ ਡੀਸੀ ਸ਼ਾਂਤਨੂੰ ਸ਼ਰਮਾ ਦੇ ਹੁਕਮਾਂ ’ਤੇ ਹੁੱਡਾ ਚੌਕੀ ਸ਼ਾਹਬਾਦ ਦੀ ਐੱਸਐੱਚਓ ਸਤਿਆਵਾਨ ਸਿੰਘ ਦੀ ਅਗਵਾਈ ਵਿਚ ਪਿੰਡ ਪੱਟੀ ਝਾਮੜਾ ਆਈਸਟੀਨ ਇੰਟਰਨੈਸ਼ਨਲ ਸਕੂਲ ਦੇ ਸਾਹਮਣੇ ਪੰਜ ਏਕੜ ਵਿਚ ਬਣ ਰਹੀ ਨਾਜਾਇਜ਼ ਕਲੋਨੀ ਵਿਚ ਬਣੀਆਂ ਪੱਕੀਆਂ ਸੜਕਾਂ, ਸੀਵਰੇਜ ਨੈੱਟ ਵਰਕ, 12 ਬਿਜਲੀ ਦੇ ਖੰਭੇ, ਇਕ ਡੀਪੀਸੀ ਨੂੰ ਜੇਸੀਬੀ ਦੀ ਮਦਦ ਨਾਲ ਪੁੱਟਿਆ ਗਿਆ ਹੈ। ਗਰਗ ਨੇ ਕਿਹਾ ਕਿ ਉਨ੍ਹਾਂ ਕੋਲ ਨਾਜਾਇਜ਼ ਕਲੋਨੀ ਦਾ ਮਾਮਲਾ ਆਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਵਿਭਾਗ ਵੱਲੋਂ ਪ੍ਰਾਪਰਟੀ ਡੀਲਰਾਂ ਨੂੰ ਐੱਚਡੀਆਰ ਐਕਟ 1975 ਦੀਆਂ ਧਾਰਾਵਾਂ ਦੇ ਤਹਿਤ ਨੋਟਿਸ ਜਾਰੀ ਕੀਤਾ ਸੀ ਪਰ ਉਨ੍ਹਾਂ ਨੇ ਨਾ ਤਾਂ ਨਿਰਮਾਣ ਰੋਕਿਆ ਤੇ ਨਾ ਹੀ ਵਿਭਾਗ ਕੋਲੋਂ ਇਜਾਜ਼ਤ ਲਈ, ਜਿਸ ’ਤੇ ਵਿਭਾਗ ਨੇ ਕਾਰਵਾਈ ਕੀਤੀ ਹੈ। ਉਨ੍ਹਾਂ ਨੇ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਸਸਤੇ ਪਲਾਟਾਂ ਦੇ ਚੱਕਰ ਵਿਚ ਉਹ ਡੀਲਰਾਂ ਦੇ ਝਾਂਸੇ ਵਿਚ ਨਾ ਆਉਣ ਅਤੇ ਪਲਾਟ ਨਾ ਖਰੀਦਣ ਅਤੇ ਨਾ ਹੀ ਨਿਰਮਾਣ ਕਰਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪਲਾਟ ਖਰੀਦਣ ਤੋਂ ਪਹਿਲਾਂ ਉਹ ਇਹ ਪਤਾ ਕਰ ਲੈਣ ਕਿ ਕਲੋਨੀ ਵਿਭਾਗ ਵੱਲੋਂ ਪਾਸ ਹੈ ਜਾਂ ਨਹੀਂ।