ਜੀਂਦ ਵਿੱਚ ਜ਼ਿਲ੍ਹਾ ਪੱਧਰੀ ਮੀਟਿੰਗ; ਮੁਜ਼ਾਹਰੇ ਲਈ ਵਰਕਰਾਂ ਦੀਆਂ ਡਿਊਟੀਆਂ ਲਾਈਆਂ
‘ਵੋਟ ਚੋਰ, ਗੱਦੀ ਛੋੜ’ ਮੁਹਿੰਮ ਤਹਿਤ 26 ਨਵੰਬਰ ਨੂੰ ਜੀਂਦ ਵਿੱਚ ਹੋਣ ਵਾਲੇ ਮੁਜ਼ਾਹਰੇ ਦੀ ਰੂਪ-ਰੇਖਾ ਲਈ ਸਥਾਨਕ ਧਰਮਸ਼ਾਲਾ ਵਿੱਚ ਕਾਂਗਰਸ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਿਸ਼ੀਪਾਲ ਹੈਬਤਪੁਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸੋਨੀਪਤ ਤੋਂ ਲੋਕ ਸਭਾ ਮੈਂਬਰ ਸੱਤਪਾਲ ਬ੍ਰਹਮਚਾਰੀ ਨੇ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਕੇਂਦਰ ਸਰਕਾਰ ’ਤੇ ਚੋਣਾਂ ਦੇ ਦੌਰਾਨ ਵੋਟ ਚੋਰੀ ਦੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਜੇਕਰ ਚੋਣਾਂ ਇਸੇ ਤਰ੍ਹਾਂ ਹੁੰਦੀਆਂ ਰਹੀਆਂ ਤਾਂ ਤਮਾਮ ਪਾਰਟੀਆਂ ਨੂੰ ਚੋਣਾਂ ਤੋਂ ਪਿੱਛੇ ਹਟ ਜਾਣਾ ਚਾਹੀਦਾ ਹੈ। ਜਦੋਂ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਨੇ ਸੰਵਿਧਾਨ ਤੇ ਲੋਕਤੰਤਰ ਨੂੰ ਇਸੇ ਤਰ੍ਹਾਂ ਢਾਹ ਲਾਉਣੀ ਹੈ ਤਾਂ ਫਿਰ ਚੋਣਾਂ ਨਿਰਪੱਖ ਨਹੀਂ ਹੋ ਸਕਦੀਆਂ। ਬੈਲੇਟ ਪੇਪਰ ਹੀ ਇੱਕ ਮਾਤਰ ਅਜਿਹਾ ਰਾਹ ਹੈ ਜਿਸ ਨਾਲ ਲੋਕ ਭਾਜਪਾ ਦੀ ਡਕੈਤੀ ਤੋਂ ਛੁਟਕਾਰਾ ਪਾ ਸਕਦੇ ਹਨ। ਬੈਠਕ ਵਿੱਚ ਪ੍ਰਧਾਨ ਰਿਸ਼ੀਪਾਲ ਨੇ 26 ਨਵੰਬਰ ਦੇ ਪ੍ਰਦਰਸ਼ਨ ਨੂੰ ਲੈ ਕੇ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ। ਉਨ੍ਹਾਂ ਨੇ ਕਿਹਾ ਕਿ ਪ੍ਰਦਰਸ਼ਨ ਦੀ ਰਿਪੋਰਟ ਸਿੱਧੇ ਤੌਰ ’ਤੇ ਏ ਆਈ ਸੀ ਸੀ ਦਫ਼ਤਰ ਅਤੇ ਹਰਿਆਣਾ ਦੇ ਇੰਚਾਰਜ ਨੂੰ ਭੇਜੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿੱਚ 25 ਲੱਖ ਵੋਟਾਂ ਦੀ ਚੋਰੀ ਮਗਰੋਂ ਬਿਹਾਰ ਵਿੱਚ ਵੋਟ ਚੋਰੀ ਕੀਤੀ ਗਈ ਹੈ। ਲੋਕ ਦੇਸ਼ ਭਰ ਵਿੱਚ ਰਾਹੁਲ ਗਾਂਧੀ ਦੀ ਅਗਵਾਈ ਹੇਠ ਸੜ੍ਹਕਾਂ ’ਤੇ ਉਤਰਨ ਦਾ ਮਨ ਬਣਾ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ 26 ਨਵੰਬਰ ਨੂੰ ਵਿਰੋਧੀ ਧਿਰ ਦੇ ਨੇਤਾ ਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਅਤੇ ਸੂਬਾ ਪ੍ਰਧਾਨ ਰਾਓ ਨਰਿੰਦਰ ਸਿੰਘ ਨਾਲ ਜੀਂਦ ਜ਼ਿਲ੍ਹੇ ਦੇ ਪੰਜ ਵਿਧਾਨ ਸਭਾ ਹਲਕਿਆਂ ਤੋਂ ਭਾਰੀ ਗਿਣਤੀ ਵਿੱਚ ਵਰਕਰ ਪ੍ਰਦਰਸ਼ਨ ਵਿੱਚ ਸ਼ਾਮਲ ਹੋਣਗੇ। ਇਸ ਤੋਂ ਪਹਿਲਾਂ ਸਾਰੇ ਵਰਕਰ ਜੀਂਦ ਮਿਨੀ ਸਕੱਤਰੇਤ ਦੇ ਅੱਗੇ ਇੱਕਠੇ ਹੋ ਕੇ ਜੀਂਦ ਦੇ ਡੀ ਸੀ ਨੂੰ ਮੰਗ ਪੱਤਰ ਦੇਣਗੇ।
ਕਾਂਗਰਸ ਦੇ ਦਫ਼ਤਰ ਦਾ ਉਦਘਾਟਨ
ਕਾਂਗਰਸ ਜ਼ਿਲ੍ਹਾ ਪ੍ਰਧਾਨ ਰਿਸ਼ੀਪਾਲ ਹੈਬਤਪੁਰ ਅਤੇ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੁਖਬੀਰ ਮਲਿਕ ਤੇ ਮਹੀਂਪਾਲ ਸੂਬੇਦਾਰ ਪਾਣੀਪਤ ਨੇ ਪਾਰਟੀ ਦਫ਼ਤਰ ਦਾ ਉਦਘਾਟਨ ਕੀਤਾ। ਸਮਾਗਮ ਦੀ ਪ੍ਰਧਾਨਗੀ ਯੂਥ ਕਾਂਗਰਸ ਦੇ ਹਲਕਾ ਪ੍ਰਧਾਨ ਸੰਦੀਪ ਵਰਮਾ ਨੇ ਕੀਤੀ।
