ਪੀ.ਪੀ. ਵਰਮਾ
ਪੰਚਕੂਲਾ, 18 ਅਕਤੂਬਰ
ਮੁੱਖ ਅੰਸ਼
- ਚਾਰ ਹੋਰਨਾਂ ਨੂੰ ਵੀ ਮਿਲੀ ਉਮਰ ਕੈਦ ਦੀ ਸਜ਼ਾ
- ਡੇਰਾ ਮੁਖੀ ਨੂੰ 31 ਲੱਖ ਤੇ ਹੋਰਨਾਂ ਦੋਸ਼ੀਆਂ ਨੂੰ 50-50 ਹਜ਼ਾਰ ਰੁਪਏ ਦਾ ਜੁਰਮਾਨਾ
-
ਡੇਰਾ ਮੁਖੀ ਨੂੰ ਤੀਜੇ ਮਾਮਲੇ ’ਚ ਹੋਈ ਸਜ਼ਾ
-
ਚੌਥਾ ਮਾਮਲਾ ਅਦਾਲਤ ’ਚ ਵਿਚਾਰ ਅਧੀਨ
ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਤੇ ਚਾਰ ਹੋਰਨਾਂ ਅਵਤਾਰ, ਜਸਬੀਰ, ਕ੍ਰਿਸ਼ਨ ਕੁਮਾਰ ਤੇ ਸਬਦਿਲ ਨੂੰ ਡੇਰੇ ਦੇ ਮੈਨੇਜਰ ਰਣਜੀਤ ਸਿੰਘ ਦੇ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਦੋਸ਼ੀਆਂ ਨੂੰ ਜੁੁਰਮਾਨਾ ਵੀ ਲਾਇਆ ਗਿਆ ਹੈ। ਡੇਰਾ ਮੁਖੀ ਨੂੰ 31 ਲੱਖ ਰੁਪਏ ਜਦੋਂਕਿ ਹੋਰਨਾਂ ਨੂੰ 50-50 ਹਜ਼ਾਰ ਰੁਪਏ ਦਾ ਜੁਰਮਾਨਾ ਅਦਾ ਕਰਨ ਲਈ ਕਿਹਾ ਗਿਆ ਹੈ। ਇਸ ਸਜ਼ਾ ਦੇ ਨਾਲ ਡੇਰਾ ਮੁਖੀ ਹੁਣ ਆਖ਼ਰੀ ਸਾਹਾਂ ਤੱਕ ਜੇਲ੍ਹ ਵਿੱਚ ਰਹੇਗਾ। ਡੇਰਾ ਮੁਖੀ ਨੂੰ ਸਾਧਵੀਆਂ ਨਾਲ ਜਬਰ-ਜਨਾਹ ਤੇ ਪੱਤਰਕਾਰ ਛਤਰਪਤੀ ਕਤਲ ਕੇਸ ਮਗਰੋਂ ਹੁਣ ਤੀਜੇ ਕੇਸ ਵਿੱਚ ਸਜ਼ਾ ਹੋਈ ਹੈ ਜਦੋਂਕਿ ਲੋਕਾਂ ਨੂੰ ਜਬਰੀ ਨਿਪੁੰਸਕ ਬਣਾਉਣ ਦਾ ਮਾਮਲਾ ਅਦਾਲਤ ਦੇ ਵਿਚਾਰ ਅਧੀਨ ਹੈ। ਕਾਬਿਲੇਗੌਰ ਹੈ ਕਿ ਪਿਛਲੀ ਸੁਣਵਾਈ ਮੌਕੇ ਡੇਰਾ ਮੁਖੀ ਦੇ ਵਕੀਲ ਨੇ ਡੇਰੇ ਵੱੱਲੋਂ ਕੀਤੇ ਜਾਂਦੇ ਸਮਾਜ ਭਲਾਈ ਦੇ ਕੰਮਾਂ ਤੇ ਡੇਰਾ ਮੁਖੀ ਦੀ ਨਾਸਾਜ਼ ਸਿਹਤ ਦਾ ਹਵਾਲਾ ਦਿੰਦਿਆਂ ਆਪਣੇ ਮੁਵੱਕਿਲ ਨਾਲ ਨਰਮੀ ਵਰਤੇ ਜਾਣ ਦੀ ਅਪੀਲ ਕੀਤੀ ਸੀ। ਬਚਾਅ ਪੱਖ ਦੇ ਵਕੀਲ ਨੇ ਵਿਸ਼ੇਸ਼ ਸੀਬੀਆਈ ਅਦਾਲਤ ਦੇ ਜੱਜ ਨੂੰ ਇਹ ਅਪੀਲ ਵੀ ਕੀਤੀ ਡੇਰਾ ਮੁਖੀ ਨੂੰ ਉਮਰ ਕੈਦ ਦੀ ਸਜ਼ਾ ਦੌਰਾਨ ਜੇਲ੍ਹ ਵਿੱਚੋਂ ਹੀ ਖ਼ੂਨਦਾਨ ਕੈਂਪ ਸਮੇਤ ਹੋਰ ਸਮਾਜ ਭਲਾਈ ਦੇ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇ, ਪਰ ਜੱਜ ਨੇ ਸਾਫ਼ ਕਰ ਦਿੱਤਾ ਕਿ ਅਦਾਲਤ ਦਾ ਕੰਮ ਸਜ਼ਾ ਸੁਣਾਉਣਾ ਹੈ, ਜੇਲ੍ਹ ਵਿੱਚ ਸਮਾਜ ਭਲਾਈ ਦੇ ਕੰਮਾਂ ਬਾਰੇ ਫੈਸਲਾ ਲੈਣ ਦਾ ਅਧਿਕਾਰ ਸੂਬਾ ਸਰਕਾਰ ਨੂੰ ਹੈ। ਸੀਬੀਆਈ ਦੇ ਵਿਸ਼ੇਸ਼ ਪ੍ਰੌਸੀਕਿਊਟਰ ਐੱਚ.ਪੀ.ਐੱਸ.ਵਰਮਾ ਨੇ ਕਿਹਾ ਕਿ ਡੇਰਾ ਮੁਖੀ ਨੂੰ ਲਾਏ 31 ਲੱਖ ਰੁਪਏ ਦੇ ਜੁਰਮਾਨੇ ਵਿੱਚੋਂ ਅੱਧੀ ਰਕਮ ਪੀੜਤ ਪਰਿਵਾਰ ਨੂੰ ਮੁਆਵਜ਼ੇ ਵਜੋਂ ਦਿੱਤੀ ਜਾਵੇਗੀ।
ਡੇਰੇ ਦੇ ਸਾਬਕਾ ਮੈਨੇਜਰ ਰਣਜੀਤ ਸਿੰਘ ਦਾ 10 ਜੁੁਲਾਈ 2002 ਨੂੰ ਹਰਿਆਣਾ ਦੇ ਕੁਰੂਕਸ਼ੇਤਰ ਵਿੱਚ ਖਾਨਪੁਰ ਕੌਲੀਆਂ ਪਿੰਡ ’ਚ ਕਤਲ ਕਰ ਦਿੱਤਾ ਗਿਆ ਸੀ। ਸੀਬੀਆਈ ਦੀ ਚਾਰਜਸ਼ੀਟ ਮੁਤਾਬਕ ਡੇਰਾ ਮੁਖੀ ਨੂੰ ਲਗਦਾ ਸੀ ਕਿ ਗੁੰਮਨਾਮ ਪੱਤਰ ਜਾਰੀ ਕਰਨ ਤੇ ਉਸ ਦੀ ਹੱਤਿਆ ਦੀ ਸਾਜ਼ਿਸ਼ ਘੜਨ ਪਿੱਛੇ ਰਣਜੀਤ ਸਿੰਘ ਦਾ ਹੱਥ ਸੀ। ਪੱਤਰ ਵਿੱਚ ਡੇਰੇ ਅੰਦਰ ਔਰਤਾਂ ਦੇ ਹੁੰਦੇ ਜਿਨਸੀ ਸ਼ੋਸ਼ਣ ਦਾ ਤਫ਼ਸੀਲ ’ਚ ਵੇਰਵਾ ਦਰਜ ਸੀ। ਗੁਰਮੀਤ ਰਾਮ ਰਹੀਮ ਡੇੇਰੇ ਦੀਆਂ ਦੋ ਸਾਧਵੀਆਂ ਨਾਲ ਜਬਰ-ਜਨਾਹ ਤੇ ਪੱਤਰਕਾਰ ਛਤਰਪਤੀ ਦੇ ਕਤਲ ਕੇਸ ਨਾਲ ਸਬੰਧਤ ਦੋ ਵੱਖ ਵੱਖ ਸਜ਼ਾਵਾਂ ਤਹਿਤ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ। ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੇ ਸਜ਼ਾ ਦੇ ਐਲਾਨ ਮੌਕੇ ਰੋਹਤਕ ਦੀ ਸੁਨਾਰੀਆ ਜੇਲ੍ਹ ’ਚੋਂ ਅਦਾਲਤ ’ਚ ਵਰਚੁਅਲੀ ਹਾਜ਼ਰੀ ਭਰੀ ਜਦੋਂ ਕਿ ਦੋਸ਼ੀ ਕ੍ਰਿਸ਼ਨ ਲਾਲ, ਅਵਤਾਰ, ਸਬਦਿਲ ਅਤੇ ਜਸਬੀਰ ਪੰਚਕੂਲਾ ਸਥਿਤ ਹਰਿਆਣਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵਿੱਚ ਅੰਬਾਲਾ ਜੇਲ੍ਹ ਤੋਂ ਸਖਤ ਪੁਲੀਸ ਪ੍ਰਬੰਧਾਂ ਤਹਿਤ ਪ੍ਰਤੱਖ ਰੂਪ ਵਿੱਚ ਪੇਸ਼ ਹੋਏ। ਪੁਲੀਸ ਨੇ ਪੂਰੇ ਸ਼ਹਿਰ ਵਿੱਚ 17 ਵੱਖ ਵੱਖ ਥਾਈਂ ਨਾਕੇ ਲਗਾਏ ਹੋਏ ਸਨ। ਉਂਜ ਕੇਸ ਦੀ ਸੁਣਵਾਈ ਦੇ ਮੱਦੇਨਜ਼ਰ ਪੂਰੇ ਪੰਚਕੂਲਾ ਜ਼ਿਲ੍ਹੇ ਵਿੱਚ ਧਾਰਾ 144 ਲਾਗੂ ਸੀ। ਪੁਲੀਸ ਨੇ ਸੀਆਈਡੀ ਅਤੇ ਹੋਰ ਕਈ ਸਰਕਾਰੀ ਜਾਂਚ ਏਜੰਸੀਆਂ ਦੇ ਮੁਲਾਜ਼ਮ ਖੜ੍ਹੇ ਕੀਤੇ ਹੋਏ ਸਨ। ਅਦਾਲਤੀ ਕੰਪਲੈਕਸ ਦੇ ਅੰਦਰ ਤੇ ਬਾਹਰ ਚੱਪੇ ਚੱਪੇ ’ਤੇ ਪੁਲੀਸ ਮੁਲਾਜ਼ਮ ਤਾਇਨਾਤ ਸਨ। ਸੁਰੱਖਿਆ ਦੇ ਲਿਹਾਜ਼ ਤੋਂ ਆਈਟੀਬੀਪੀ ਦੀਆਂ ਚਾਰ ਟੁਕੜੀਆਂ ਵੀ ਵਿਸ਼ੇਸ਼ ਤੌਰ ’ਤੇ ਸੱਦੀਆਂ ਗਈਆਂ ਸਨ।
ਪੀੜਤ ਪਰਿਵਾਰ ਨੂੰ ਅਦਾਲਤੀ ਪ੍ਰਕਿਰਿਆ ’ਤੇ ਯਕੀਨ ਸੀ
ਡੇੇਰੇ ਦੇ ਸਾਬਕਾ ਮੈਨੇਜਰ ਰਣਜੀਤ ਸਿੰਘ ਦੇ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਨੂੰ ਅਦਾਲਤੀ ਪ੍ਰਕਿਰਿਆ ਵਿੱਚ ਯਕੀਨ ਸੀ। ਰਣਜੀਤ ਸਿੰਘ ਦੇ ਪੁੱਤਰ ਜਗਸੀਰ ਸਿੰਘ, ਜੋ ਆਪਣੇ ਪਿਤਾ ਦੇ ਕਤਲ ਮੌਕੇ ਅੱਠ ਸਾਲਾਂ ਦਾ ਸੀ, ਨੇ ਕਿਹਾ ਕਿ ਅੱਜ ਫੈਸਲਾ ਉਨ੍ਹਾਂ ਦੇ ਹੱਕ ਵਿੱਚ ਹੋਇਆ ਹੈ ਤੇ ਉਹ ਇਸ ਫੈਸਲੇ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ। ਰਣਜੀਤ ਸਿੰਘ ਹੱਤਿਆ ਕਾਂਡ 19 ਸਾਲ ਪੁਰਾਣਾ ਹੈ ਅਤੇ ਪੀੜਤ ਪਰਿਵਾਰ ਲੰਮੇ ਸਮੇਂ ਤੋਂ ਇਨਸਾਫ ਦੀ ਉਡੀਕ ਵਿੱਚ ਸੀ। ਡੇਰੇ ਦੇ ਸਾਬਕਾ ਮੈਨੇਜਰ ਦਾ ਪਰਿਵਾਰ ਡੇਰਾ ਮੁਖੀ ਨੂੰ ਫ਼ਾਂਸੀ ਦੀ ਸਜ਼ਾ ਦੇਣ ਦੀ ਮੰਗ ਕਰ ਰਿਹਾ ਸੀ।