ਮੈਡੀਕਲ ਸਹੂਲਤਾਂ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੀ ਮੰਗ
ਸੇਵਾਮੁਕਤ ਕਰਮਚਾਰੀਆਂ ਵੱਲੋਂ ਨਾਇਬ ਸਿੰਘ ਸੈਣੀ ਨਾਲ ਮੁਲਾਕਾਤ
ਕਰਮਚਾਰੀਆਂ ਅਤੇ ਸੇਵਾਮੁਕਤ ਕਰਮਚਾਰੀਆਂ ਲਈ ਕੈਸ਼ਲੈੱਸ ਮੈਡੀਕਲ ਸਹੂਲਤਾਂ ਪ੍ਰਦਾਨ ਕਰਨ ਸਬੰਧੀ ਸਰਕਾਰ ਦੇ ਆਦੇਸ਼ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਸੇਵਾਮੁਕਤ ਕਰਮਚਾਰੀਆਂ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਨਿਵਾਸ ’ਤੇ ਮੁਲਾਕਾਤ ਕੀਤੀ। ਭਾਜਪਾ ਕਰਮਚਾਰੀ ਸੈੱਲ ਦੇ ਜ਼ਿਲ੍ਹਾ ਕੋਆਰਡੀਨੇਟਰ ਰੋਸ਼ਨ ਲਾਲ ਸ਼ਰਮਾ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਸਰਕਾਰ ਨੇ ਕੈਸ਼ਲੈੱਸ ਡਾਕਟਰੀ ਸੇਵਾਵਾਂ ਲਈ ਆਦੇਸ਼ ਜਾਰੀ ਕੀਤੇ ਹਨ ਪਰ ਨਾ ਤਾਂ ਹਰ ਕਿਸੇ ਦੇ ਪਛਾਣ ਪੱਤਰ ਪ੍ਰਾਪਤ ਹੋ ਰਹੇ ਹਨ ਅਤੇ ਨਾ ਹੀ ਕੈਸ਼ਲੈੱਸ ਇਲਾਜ ਦੀ ਸਹੂਲਤ ਹੀ ਮਿਲ ਰਹੀ ਹੈ। ਸੂਬਾ ਕਾਰਜਕਾਰੀ ਮੈਂਬਰ ਕਮਾਂਡੈਂਟ ਬੀ ਕੇ ਮਹਿਤਾ, ਜ਼ਿਲ੍ਹਾ ਕੋਆਰਡੀਨੇਟਰ ਜੈ ਦੇਵ ਆਰੀਆ ਅਤੇ ਮੰਡਲ ਕੋਆਰਡੀਨੇਟਰ ਮੁਲਖਰਾਜ ਅਰੋੜਾ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਸੇਵਾਮੁਕਤ ਕਰਮਚਾਰੀਆਂ ਵਿੱਚ ਬਹੁਤ ਹੀ ਨਿਰਾਸ਼ਾ ਹੈ, ਕਿਉਂਕਿ ਰਿਟਾਇਰਡ ਕਰਮਚਾਰੀ ਪੈਸੇ ਦੀ ਘਾਟ ਕਾਰਨ ਡਾਕਟਰੀ ਇਲਾਜ ਕਰਵਾਉਣ ਤੋਂ ਅਸਮਰੱਥ ਹਨ। ਮੁੱਖ ਮੰਤਰੀ ਨੇ ਓ ਐੱਸ ਡੀ ਵਿਵੇਕ ਕਾਲੀਆ ਨੇ ਕਾਰਵਾਈ ਕਰਦਿਆਂ ਨੂੰ ਸਬੰਧਤ ਅਧਿਕਾਰੀਆਂ ਨਾਲ ਗੱਲ ਕਰਕੇ, ਨਗਦ ਰਹਿਤ ਡਾਕਟਰੀ ਸਹੂਲਤ ਦੀ ਸਮੀਖਿਆ ਕਰਨ ਅਤੇ ਇਸਨੂੰ ਤੁਰੰਤ ਲਾਗੂ ਕਰਨ ਦਾ ਭਰੋਸਾ ਦਿੱਤਾ ਤਾਂ ਜੋ ਸੇਵਾਮੁਕਤ ਕਰਮਚਾਰੀਆਂ ਜਿਨ੍ਹਾਂ ਨੇ ਪੂਰੀ ਜ਼ਿੰਦਗੀ ਰਾਜ ਦੇ ਲੋਕਾਂ ਦੀ ਸੇਵਾ ਕੀਤੀ ਹੈ, ਨੂੰ ਆਪਣੇ ਬੁਢਾਪੇ ਵਿੱਚ ਡਾਕਟਰੀ ਇਲਾਜ ਕਰਵਾਉਣ ਵਿੱਚ ਕੋਈ ਮੁਸ਼ਕਲ ਨਾ ਆਵੇ। ਭਾਜਪਾ ਕਰਮਚਾਰੀ ਸੈੱਲ ਨੇ ਇਸ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ।

