ਰਤੀਆ ਖੇਤਰ ਦੇ ਬਾਸਕਟਬਾਲ ਖਿਡਾਰੀਆਂ ਨੇ ਇਲਾਕੇ ਵਿੱਚ ਆਧੁਨਿਕ ਸਹੂਲਤਾਂ ਨਾਲ ਲੈਸ ਇਨਡੋਰ ਬਾਸਕਟਬਾਲ ਕੋਰਟ ਦੀ ਉਸਾਰੀ ਲਈ ਹਲਕਾ ਵਿਧਾਇਕ ਜਰਨੈਲ ਸਿੰਘ ਨੂੰ ਹਰਿਆਣਾ ਦੇ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਸੌਂਪਿਆ। ਖਿਡਾਰੀਆਂ ਦਾ ਕਹਿਣਾ ਹੈ ਕਿ ਖੇਤਰ ਦੇ ਖਿਡਾਰੀ ਲੋੜੀਂਦੀਆਂ ਖੇਡ ਸਹੂਲਤਾਂ ਦੀ ਘਾਟ ਕਾਰਨ ਆਪਣੀ ਕਾਬਲੀਅਤ ਨਿਖਾਰਨ ਤੋਂ ਵਾਂਝੇ ਰਹਿ ਜਾਂਦੇ ਹਨ। ਇਨਡੋਰ ਸਟੇਡੀਅਮ ਬਣਨ ਨਾਲ ਸੈਂਕੜਿਆਂ ਨੌਜਵਾਨ ਖਿਡਾਰੀਆਂ ਨੂੰ ਸਿੱਧਾ ਲਾਭ ਮਿਲੇਗਾ। ਰਤੀਆ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਬਾਸਕਟਬਾਲ ਪ੍ਰਤੀ ਨੌਜਵਾਨਾਂ ਦਾ ਰੁਝਾਨ ਲਗਾਤਾਰ ਵਧ ਰਿਹਾ ਹੈ। ਹਰ ਸਾਲ ਅਨੇਕਾਂ ਖਿਡਾਰੀ ਜ਼ਿਲ੍ਹਾ ਅਤੇ ਸੂਬਾ ਪੱਧਰੀ ਮੁਕਾਬਲਿਆਂ ਵਿੱਚ ਹਿੱਸਾ ਲੈਂਦੇ ਹਨ। ਹਾਲਾਂਕਿ ਖੁੱਲ੍ਹੇ ਮੈਦਾਨਾਂ ਵਿੱਚ ਬਰਸਾਤ, ਗਰਮੀ ਅਤੇ ਸਰਦੀ ਕਾਰਨ ਨਿਯਮਿਤ ਅਭਿਆਸ ਪ੍ਰਭਾਵਿਤ ਹੁੰਦਾ ਹੈ, ਜਿਸ ਦਾ ਅਸਰ ਖਿਡਾਰੀਆਂ ਦੀ ਕਾਰਗੁਜ਼ਾਰੀ ’ਤੇ ਪੈਂਦਾ ਹੈ। ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਮੁਕਾਬਲਾ ਕਰਨ ਲਈ ਉੱਚ ਪੱਧਰੀ ਬੁਨਿਆਦੀ ਢਾਂਚਾ ਬਹੁਤ ਜ਼ਰੂਰੀ ਹੈ।
ਇਨਡੋਰ ਸਟੇਡੀਅਮ ਦੀ ਸਹੂਲਤ ਨਾਲ ਖਿਡਾਰੀਆਂ ਨੂੰ ਸਾਲ ਭਰ ਬਿਨਾਂ ਕਿਸੇ ਰੁਕਾਵਟ ਦੇ ਅਭਿਆਸ ਕਰਨ ਦਾ ਮੌਕਾ ਮਿਲੇਗਾ। ਇਸ ਨਾਲ ਸਥਾਨਕ ਪੱਧਰ ਤੋਂ ਇਲਾਵਾ ਜ਼ਿਲ੍ਹਾ, ਸੂਬਾ ਅਤੇ ਰਾਸ਼ਟਰੀ ਪੱਧਰ ਦੀਆਂ ਖੇਡ ਪ੍ਰਤੀਯੋਗਿਤਾਵਾਂ ਵੀ ਰਤੀਆ ਵਿੱਚ ਕਰਵਾਈਆਂ ਜਾ ਸਕਣਗੀਆਂ। ਖਿਡਾਰੀਆਂ ਨੇ ਆਖਿਆ ਕਿ ਖੇਡਾਂ ਇੱਕ ਸਿਹਤਮੰਦ ਅਤੇ ਅਨੁਸ਼ਾਸਿਤ ਸਮਾਜ ਦੀ ਨੀਂਹ ਹੁੰਦੀਆਂ ਹਨ, ਜੋ ਨੌਜਵਾਨਾਂ ਨੂੰ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰੱਖ ਕੇ ਉਨ੍ਹਾਂ ਵਿੱਚ ਟੀਮ ਭਾਵਨਾ ਅਤੇ ਲੀਡਰਸ਼ਿਪ ਵਰਗੇ ਗੁਣ ਪੈਦਾ ਕਰਦੀਆਂ ਹਨ।
ਸਹੂਲਤਾਂ ਮਿਲਣ ਨਾਲ ਮਾਪਿਆਂ ਦਾ ਵੀ ਖੇਡਾਂ ਪ੍ਰਤੀ ਵਿਸ਼ਵਾਸ ਵਧੇਗਾ ਅਤੇ ਉਹ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਗੇ। ਇਸ ਨਾਲ ਇਲਾਕੇ ਦੀਆਂ ਲੁਕੀਆਂ ਹੋਈਆਂ ਪ੍ਰਤਿਭਾਵਾਂ ਸਾਹਮਣੇ ਆਉਣਗੀਆਂ ਅਤੇ ਉਹ ਹਰਿਆਣਾ ਸਮੇਤ ਦੇਸ਼ ਦਾ ਨਾਮ ਰੌਸ਼ਨ ਕਰ ਸਕਣਗੀਆਂ। ਹਲਕਾ ਵਿਧਾਇਕ ਸਰਦਾਰ ਜਰਨੈਲ ਸਿੰਘ ਨੇ ਮੰਗ ਨੂੰ ਜਾਇਜ਼ ਅਤੇ ਲੋਕ ਹਿੱਤ ਨਾਲ ਜੁੜੀ ਦੱਸਦਿਆਂ ਭਰੋਸਾ ਦਿੱਤਾ ਕਿ ਉਹ ਇਸ ਮੁੱਦੇ ਨੂੰ ਹਰਿਆਣਾ ਸਰਕਾਰ ਅਤੇ ਮੁੱਖ ਮੰਤਰੀ ਦੇ ਸਾਹਮਣੇ ਪੂਰੀ ਤਰਜੀਹ ਨਾਲ ਰੱਖਣਗੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਅਤੇ ਨੌਜਵਾਨਾਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਦੇਣ ਲਈ ਵਚਨਬੱਧ ਹੈ।
ਇਸ ਮੌਕੇ ਸ਼ਰਮਾ ਚੰਦ ਲਾਲੀ, ਅਜੈ ਸਿੰਘ, ਰਾਕੇਸ਼ ਕੁਮਾਰ ਅਗਰਵਾਲ, ਨਿਰੰਜਨ ਸਿੰਘ, ਬਲਵਿੰਦਰ ਸਿੰਘ, ਵਿੱਕੀ ਅਗਰਵਾਲ, ਸਚਿਨ ਕੁਮਾਰ, ਸ਼ੁਭਮ ਮਹਿਤਾ, ਅਮਨਦੀਪ ਸਿੰਘ, ਰਾਮ ਭਗਤ, ਸੁਰਿੰਦਰ ਸਿੰਘ, ਵਿਜੈ ਕੁਮਾਰ, ਲਕਸ਼ ਬੱਟੂ ਸਮੇਤ ਵੱਡੀ ਗਿਣਤੀ ਵਿੱਚ ਬਾਸਕਟਬਾਲ ਖਿਡਾਰੀ ਅਤੇ ਖੇਡ ਪ੍ਰੇਮੀ ਮੌਜੂਦ ਸਨ। ਖਿਡਾਰੀਆਂ ਨੇ ਉਮੀਦ ਜਤਾਈ ਕਿ ਸਰਕਾਰ ਇਸ ਮੰਗ ’ਤੇ ਜਲਦੀ ਸਕਾਰਾਤਮਕ ਫ਼ੈਸਲਾ ਲਵੇਗੀ।

