ਦਿੱਲੀ ਵਾਸੀਆਂ ਨੂੰ ਪ੍ਰਦੂਸ਼ਣ ਤੋਂ ਨਹੀਂ ਮਿਲ ਰਹੀ ਰਾਹਤ
ਕੌਮੀ ਰਾਜਧਾਨੀ ਵਿੱਚ ਸੋਮਵਾਰ ਨੂੰ ਹਵਾ ਦੀ ਗੁਣਵੱਤਾ ਇੱਕ ਵਾਰ ਫਿਰ ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਆ ਗਈ ਹੈ। ਇਸ ਦੌਰਾਨ ਦਿੱਲੀ ਵਿੱਚ ਏ ਕਿਊ ਆਈ 301 ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਲਗਾਤਾਰ 24 ਦਿਨਾਂ ਤੱਕ ‘ਬਹੁਤ ਮਾੜੀ’ ਅਤੇ ਅਕਸਰ ‘ਗੰਭੀਰ’ ਸ਼੍ਰੇਣੀ ਦੇ ਨੇੜੇ ਰਹਿਣ ਤੋਂ ਬਾਅਦ, ਐਤਵਾਰ ਨੂੰ ਦਿੱਲੀ ਦੀ ਹਵਾ ਦੀ ਗੁਣਵੱਤਾ ਵਿੱਚ ਥੋੜ੍ਹਾ ਸੁਧਾਰ ਹੋਇਆ ਸੀ। ਇਸ ਦਿਨ ਏ ਕਿਊ ਆਈ 279 ਦਰਜ ਕੀਤਾ ਗਿਆ ਸੀ ਜੋ ‘ਮਾੜੀ’ ਸ਼੍ਰੇੇਣੀ ਵਿੱਚ ਆਉਂਦਾ ਹੈ।
ਹਾਲਾਂਕਿ, ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ ਪੀ ਸੀ ਬੀ) ਦੇ ‘ਸਮੀਰ’ ਐਪ ਦੇ ਅੰਕੜਿਆਂ ਅਨੁਸਾਰ ਦਿੱਲੀ ਦੇ 38 ਨਿਗਰਾਨੀ ਸਟੇਸ਼ਨਾਂ ਵਿੱਚੋਂ 24 ਨੇ ਹਵਾ ਦੀ ਗੁਣਵੱਤਾ ‘ਬਹੁਤ ਮਾੜੀ’ ਸ਼੍ਰੇੇਣੀ ਵਿੱਚ ਦਰਜ ਕੀਤੀ ਹੈ ਜਦੋਂਕਿ ਬਾਕੀ 14 ਸਟੇਸ਼ਨ ‘ਮਾੜੀ’ ਸ਼੍ਰੇਣੀ ਵਿੱਚ ਰਹੇ।
ਇਸੇ ਦੌਰਾਨ ਰਾਜਧਾਨੀ ਵਿੱਚ ਠੰਢ ਵੀ ਵਧਣੀ ਸ਼ੁਰੂ ਹੋ ਗਈ ਹੈ। ਭਾਰਤੀ ਮੌਸਮ ਵਿਭਾਗ (ਆਈ ਐੱਮ ਡੀ) ਅਨੁਸਾਰ ਰਾਜਧਾਨੀ ਵਿੱਚ ਘੱਟੋ-ਘੱਟ ਤਾਪਮਾਨ 5.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ ਸੀਜ਼ਨ ਦੇ ਔਸਤ ਤਾਪਮਾਨ ਤੋਂ 4.6 ਡਿਗਰੀ ਘੱਟ ਹੈ। ਇਸੇ ਤਰ੍ਹਾਂ ਸਵੇਰੇ ਕਰੀਬ 8.30 ਵਜੇ ਹਵਾ ਵਿੱਚ ਨਮੀ 100 ਪ੍ਰਤੀਸ਼ਤ ਦਰਜ ਕੀਤੀ ਗਈ। ਮੌਸਮ ਵਿਭਾਗ ਨੇ ਕਿਹਾ ਕਿ ਸ਼ਹਿਰ ਵਿੱਚ ਵੱਧ ਤੋਂ ਵੱਧ ਤਾਪਮਾਨ 24 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਉਮੀਦ ਹੈ। ਸੀ ਪੀ ਸੀ ਬੀ ਦੇ ਮਿਆਰਾਂ ਅਨੁਸਾਰ 0 ਤੋਂ 50 ਦੇ ਵਿਚਕਾਰ ਏ ਕਿਊ ਆਈ ਨੂੰ ‘ਚੰਗਾ’, 51-100 ‘ਤਸੱਲੀਬਖਸ਼’, 101-200 ‘ਦਰਮਿਆਨਾ’, 201-300 ‘ਮਾੜਾ’, 301-400 ‘ਬਹੁਤ ਮਾੜਾ’ ਅਤੇ 401-500 ‘ਗੰਭੀਰ’ ਮੰਨਿਆ ਜਾਂਦਾ ਹੈ।ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ ਭਾਵੇਂ ਪ੍ਰਦੂਸ਼ਣ ਘਟਾਉਣ ਲਈ ਕਈ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਹਨ ਪਰ ਲੋਕਾਂ ਨੂੰ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਹੈ। ਸਰਕਾਰ ਵੱਲੋਂ ਵਿਸ਼ੇਸ਼ ਵਾਹਨਾਂ ਰਾਹੀਂ ਪ੍ਰਦੂਸ਼ਣ ਘਟਾਉਣ ਲਈ ਪਾਣੀ ਦਾ ਛਿੜਕਾਅ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਪਿੱਛਲੇ ਦਿਨੀਂ ਮੀਂਹ ਪਵਾਉਣ ਦੇ ਵੀ ਯਤਨ ਕੀਤੇ ਗਏ ਸਨ ਪਰ ਉਨ੍ਹਾਂ ਵਿੱਚ ਕਾਮਯਾਬੀ ਨਹੀਂ ਸੀ ਮਿਲੀ।
‘ਗੰਦਾ ਪਾਣੀ ਯਮੁਨਾ ਦੇ ਪ੍ਰਦੂਸ਼ਣ ਲਈ ਜ਼ਿੰਮੇਵਾਰ’
ਨਵੀਂ ਦਿੱਲੀ: ਕੌਮੀ ਰਾਜਧਾਨੀ ਵਿੱਚ ਯਮੁਨਾ ਵਿੱਚ ਵਧ ਰਹੇ ਪ੍ਰਦੂਸ਼ਣ ਬਾਰੇ ਸੋਮਵਾਰ ਨੂੰ ਸਰਕਾਰ ਨੇ ਕਿਹਾ ਕਿ ਨਦੀ ਦੇ ਲਗਾਤਾਰ ਗੰਦੇ ਰਹਿਣ ਦਾ ਕਾਰਨ ਸੀਵਰੇਜ ਦਾ ਪਾਣੀ ਹੈ। ਇਸ ਤੋਂ ਇਲਾਵਾ ਕਈ ਉਦਯੋਗਿਕ ਇਕਾਈਆਂ ਦਾ ਅਣਸੋਧਿਆ ਪਾਣੀ ਵੀ ਯਮੁਨਾ ਵਿੱਚ ਪਾਇਆ ਜਾ ਰਿਹਾ ਹੈ। ਪਾਣੀ ਸੋਧਣ ਵਾਲੇ ਕਈ ਪ੍ਰਾਜੈਕਟ ਵਿੱਚ ਹੋ ਰਹੀ ਦੇਰੀ ਅਤੇ ਠੋਸ ਰਹਿੰਦ-ਖੂੰਹਦ ਦੀ ਪ੍ਰਾਸੈਸਿੰਗ ਸਮਰੱਥਾ ਦੀ ਘਾਟ ਕਾਰਨ ਵੀ ਜਲ ਪ੍ਰਦੂਸ਼ਣ ਵਧ ਰਿਹਾ ਹੈ। ਰਾਜ ਸਭਾ ਵਿੱਚ ਲਿਖਤੀ ਜਵਾਬ ਵਿੱਚ ਜਲ ਸ਼ਕਤੀ ਰਾਜ ਮੰਤਰੀ ਰਾਜ ਭੂਸ਼ਣ ਚੌਧਰੀ ਨੇ ਕਿਹਾ ਕਿ ਸੀਵਰੇਜ ਪਾਣੀ ਸੋਧਣ ਦੀ ਘੱਟ ਸਮਰੱਥਾ ਤੋਂ ਇਲਾਵਾ ਕਈ ਉਦਯੋਗਿਕ ਇਕਾਈਆਂ ਕੋਲ ਪਾਣੀ ਸੋਧਣ ਦੇ ਸਾਧਨਾਂ ਦੀ ਕਮੀ ਹੈ ਇਸ ਤੋਂ ਇਲਾਵਾ ਸੀਵਰੇਜ ਟ੍ਰੀਟਮੈਂਟ ਪ੍ਰਾਜੈਕਟਾਂ ਨੂੰ ਪੂਰਾ ਕਰਨ ਅਤੇ ਅਪਗ੍ਰੇਡ ਕਰਨ ਵਿੱਚ ਦੇਰੀ ਜਾਰੀ ਹੈ। ਮੰਤਰੀ ਨੇ ਕਿਹਾ ਕਿ ਰਾਸ਼ਟਰੀ ਕਲੀਨ ਗੰਗਾ ਮਿਸ਼ਨ ਵਿੱਤੀ ਸਹਾਇਤਾ ਰਾਹੀਂ ਰਾਜਾਂ ਦੀ ਸਹਾਇਤਾ ਕਰ ਰਿਹਾ ਹੈ। ‘ਨਮਾਮੀ ਗੰਗੇ’ ਤਹਿਤ ਯਮੁਨਾ ਦੇ ਪੁਨਰ ਸੁਰਜੀਤੀ ਲਈ 6,534 ਕਰੋੜ ਦੇ 35 ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। -ਪੀਟੀਆਈ
