Delhi transport strike: ਵਪਾਰਕ ਵਾਹਨਾਂ ਦੀ ਮੁਕੰਮਲ ਹੜਤਾਲ, ਲੋਕ ਖੱਜਲ-ਖ਼ੁਆਰ
‘ਚਾਲਕ ਸ਼ਕਤੀ ਯੂਨੀਅਨ’ ਸਣੇ ਵਪਾਰਕ ਵਾਹਨ ਯੂਨੀਅਨਾਂ ਨੇ ਤਿੰਨ ਦਿਨਾਂ ਦੀ ਹੜਤਾਲ ਦਾ ਸੱਦਾ ਦਿੱਤਾ ਹੈ। ਇਸ ‘ਚੱਕਾ ਜਾਮ’ ਕਾਰਨ ਦਿੱਲੀ ਵਾਸੀਆਂ ਨੂੰ ਆਪਣੀਆਂ ਮੰਜ਼ਿਲਾਂ ਤੱਕ ਜਾਣ ਲਈ ਬਦਲਵੇਂ ਪ੍ਰਬੰਧ ਕਰਨੇ ਪਏ। ਹੜਤਾਲ ਕਰਨ ਵਾਲੀਆਂ ਜਥੇਬੰਦੀਆਂ ਨੇ ਦਿੱਲੀ ਦੇ ਉਪ...
‘ਚਾਲਕ ਸ਼ਕਤੀ ਯੂਨੀਅਨ’ ਸਣੇ ਵਪਾਰਕ ਵਾਹਨ ਯੂਨੀਅਨਾਂ ਨੇ ਤਿੰਨ ਦਿਨਾਂ ਦੀ ਹੜਤਾਲ ਦਾ ਸੱਦਾ ਦਿੱਤਾ ਹੈ। ਇਸ ‘ਚੱਕਾ ਜਾਮ’ ਕਾਰਨ ਦਿੱਲੀ ਵਾਸੀਆਂ ਨੂੰ ਆਪਣੀਆਂ ਮੰਜ਼ਿਲਾਂ ਤੱਕ ਜਾਣ ਲਈ ਬਦਲਵੇਂ ਪ੍ਰਬੰਧ ਕਰਨੇ ਪਏ। ਹੜਤਾਲ ਕਰਨ ਵਾਲੀਆਂ ਜਥੇਬੰਦੀਆਂ ਨੇ ਦਿੱਲੀ ਦੇ ਉਪ ਰਾਜਪਾਲ, ਮੁੱਖ ਮੰਤਰੀ, ਟਰਾਂਸਪੋਰਟ ਮੰਤਰੀ ਅਤੇ ਪੁਲੀਸ ਕਮਿਸ਼ਨਰ ਨੂੰ ਪੱਤਰ ਲਿਖ ਕੇ ਇਸ ਅੰਦੋਲਨ ਬਾਰੇ ਜਾਣਕਾਰੀ ਦਿੱਤੀ ਹੈ। ਦਿੱਲੀ-ਐੱਨ ਸੀ ਆਰ ਵਿੱਚ ਵਪਾਰਕ ਵਾਹਨ ਯੂਨੀਅਨਾਂ ਨੇ ਦਿੱਲੀ ਸਰਕਾਰ ਦੇ ਵਪਾਰਕ ਵਾਹਨਾਂ ’ਤੇ ਵਾਤਾਵਰਨ ਮੁਆਵਜ਼ਾ ਸੈੱਸ ਵਧਾਉਣ ਦੇ ਫ਼ੈਸਲੇ ਦੇ ਵਿਰੁੱਧ ਵੀਰਵਾਰ ਤੋਂ ਸ਼ਨਿਚਰਵਾਰ ਤੱਕ ਤਿੰਨ ਦਿਨਾਂ ਦੀ ਹੜਤਾਲ ਸ਼ੁਰੂ ਕੀਤੀ ਹੈ। ਇਸ ਕਦਮ ਨਾਲ ਕੌਮੀ ਰਾਜਧਾਨੀ ਖੇਤਰ ਵਿੱਚ ਕੈਬ, ਆਟੋ-ਰਿਕਸ਼ਾ ਅਤੇ ਕਈ ਆਵਾਜਾਈ ਸੇਵਾਵਾਂ ਠੱਪ ਹੋ ਗਈਆਂ ਹਨ। ਇਸ ਕਾਰਨ ਯਾਤਰੀਆਂ ਦੇ ਇਨ੍ਹਾਂ ਤਿੰਨਾਂ ਦਿਨਾਂ ਲਈ ਖ਼ੁਆਰ ਹੋਣ ਦੀ ਸੰਭਾਵਨਾ ਹੈ। ਇਸ ਹੜਤਾਲ ਕਾਰਨ ਮੈਟਰੋ ਅਤੇ ਬੱਸਾਂ ਵਿੱਚ ਸਵਾਰੀਆਂ ਦੀ ਜ਼ਿਆਦਾ ਭੀੜ ਰਹੀ। ਇਸ ਕਾਰਨ ਉਨ੍ਹਾਂ ਖੇਤਰਾਂ ਵਿੱਚ ਰਹਿੰਦੇ ਲੋਕਾਂ ਨੂੰ ਜ਼ਿਆਦਾ ਮੁਸ਼ਕਿਲ ਆਈ ਜਿੱਥੇ ਬਸ ਸਰਵਿਸ ਅਤੇ ਮੈਟਰੋ ਨਹੀਂ ਪਹੁੰਚਦੀ। ਅਜਿਹੇ ਖੇਰਤਾਂ ਵਿੱਚ ਜ਼ਿਆਦਾਤਰ ਕੈਬ ਟੈਕਸੀ ਜਾਂ ਆਟੋ ਹੀ ਜਾਂਦੇ ਹਨ। ਖ਼ਾਸ ਕਰ ਕੇ ਟੈਕਸੀਆਂ ਰਾਹੀਂ ਨੌਕਰੀਆਂ ’ਤੇ ਜਾਣ ਵਾਲੇ ਲੋਕਾਂ ਨੂੰ ਖ਼ੁਆਰ ਹੋਣਾ ਪਿਆ।
ਆਲ ਇੰਡੀਆ ਮੋਟਰ ਟ੍ਰਾਂਸਪੋਰਟ ਕਾਂਗਰਸ ਅਤੇ ਯੂਨਾਈਟਿਡ ਫਰੰਟ ਆਫ ਆਲ ਟ੍ਰਾਂਸਪੋਰਟ ਐਸੋਸੀਏਸ਼ਨ ਦੇ ਬੈਨਰ ਹੇਠ 68 ਤੋਂ ਵੱਧ ਟਰਾਂਸਪੋਰਟ ਯੂਨੀਅਨਾਂ ਨੇ ਚੱਕਾ ਜਾਮ ਵਿਰੋਧ ਪ੍ਰਦਰਸ਼ਨ ਨੂੰ ਆਪਣਾ ਸਮਰਥਨ ਦਿੱਤਾ ਹੈ। ਟਰੱਕ, ਨਿੱਜੀ ਬੱਸਾਂ, ਟੈਕਸੀ ਅਤੇ ਮੈਕਸੀ ਕੈਬ ਅਪਰੇਟਰਾਂ ਦੀ ਸਿਖਰਲੀ ਸੰਸਥਾ ਨੇ ਮੰਗਲਵਾਰ ਨੂੰ ਦਿੱਲੀ ਵਿੱਚ ਇੱਕ ਮੀਟਿੰਗ ਕੀਤੀ ਸੀ ਜਿੱਥੇ ਸੈੱਸ ਵਾਧੇ ਨਾਲ ਸਬੰਧਤ ਮੁੱਦੇ ਉਠਾਏ ਗਏ। ਚਾਲਕ ਸ਼ਕਤੀ ਯੂਨੀਅਨ ਮੰਗ ਕਰ ਰਹੀ ਹੈ ਕਿ ਦਿੱਲੀ-ਐੱਨ ਸੀ ਆਰ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਵਾਧੇ ਤੋਂ ਬਾਅਦ ਕਿਰਾਏ ਸੋਧੇ ਜਾਣ। ਯੂਨੀਅਨ ਨੇ ਕਿਹਾ ਕਿ ਸੀ ਐੱਨ ਜੀ, ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧੇ ਦੇ ਬਾਵਜੂਦ ਦਿੱਲੀ-ਐੱਨ ਸੀ ਆਰ ਵਿੱਚ ਟੈਕਸੀ ਤੇ ਵਪਾਰਕ ਵਾਹਨਾਂ ਦੇ ਕਿਰਾਏ 15 ਸਾਲਾਂ ਤੋਂ ਵਧਾਏ ਨਹੀਂ ਗਏ ਹਨ।

