Delhi Rains: ਰਾਜਧਾਨੀ ’ਚ ਮੀਂਹ ਦੇ ਪਾਣੀ ਕਾਰਨ ਸੜਕਾਂ ’ਤੇ ਟਰੈਫਿਕ ਜਾਮ
ਜਨਕਪੁਰੀ ਵਿੱਚ 67 ਅੈੱਮ ਅੈੱਮ ਤੇ ਛਤਰਪੁਰ ਵਿੱਚ 57 ਅੈੱਮ ਅੈੱਮ ਮੀਂਹ ਪਿਆ
ਕੌਮੀ ਰਾਜਧਾਨੀ ਵਿੱਚ ਅੱਜ ਪਏ ਭਾਰੀ ਮੀਂਹ ਨੇ ਜਿੱਥੇ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਦਿਵਾਈ, ਉੱਥੇ ਹੀ ਕਈ ਇਲਾਕਿਆਂ ਵਿੱਚ ਪਾਣੀ ਭਰਨ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਪ੍ਰਾਪਤ ਅੰਕੜਿਆਂ ਅਨੁਸਾਰ ਦੁਪਹਿਰ ਸਵਾ ਇੱਕ ਵਜੇ ਤੱਕ ਜਨਕਪੁਰੀ ਇਲਾਕੇ ਵਿੱਚ ਸਭ ਤੋਂ ਵੱਧ 67 ਐੱਮ ਐੱਮ ਮੀਂਹ ਦਰਜ ਕੀਤਾ ਗਿਆ। ਇਸੇ ਤਰ੍ਹਾਂ ਛਤਰਪੁਰ ਵਿੱਚ 57 ਐੱਮ ਐੱਮ, ਪੀਤਮਪੁਰਾ ਵਿੱਚ 35 ਐੱਮ ਐੱਮ ਅਤੇ ਸਫਦਰਜੰਗ ਵਿੱਚ 29 ਐੱਮ ਐੱਮ ਮੀਂਹ ਪਿਆ। ਇਸ ਤੋਂ ਪਹਿਲਾਂ ਸਵੇਰੇ ਸਾਢੇ ਅੱਠ ਤੋਂ ਸਾਢੇ ਗਿਆਰਾਂ ਵਜੇ ਦਰਮਿਆਨ ਵੀ ਛਤਰਪੁਰ, ਲੋਧੀ ਰੋਡ ਅਤੇ ਪੀਤਮਪੁਰਾ ਤੋਂ ਇਲਾਵਾ ਰਿਜ ਵਿੱਚ 5 ਐੱਮ ਐੱਮ, ਮਯੂਰ ਵਿਹਾਰ ਵਿੱਚ 1.5 ਐੱਮ ਐੱਮ, ਸਫਦਰਜੰਗ ਵਿੱਚ 1 ਐੱਮ ਐੱਮ ਅਤੇ ਆਇਆਨਗਰ ਵਿੱਚ 0.1 ਐੱਮ ਐੱਮ ਮੀਂਹ ਪਿਆ ਸੀ।
ਮੀਂਹ ਕਾਰਨ ਸ਼ਹਿਰ ਦੇ ਕਈ ਅਹਿਮ ਰਸਤਿਆਂ ਉੱਤੇ ਲੱਕ ਤੱਕ ਪਾਣੀ ਭਰ ਗਿਆ ਜਿਸ ਕਾਰਨ ਲੰਬੇ ਟ੍ਰੈਫਿਕ ਜਾਮ ਲੱਗ ਗਏ। ਲੁਟੀਅਨਜ਼ ਦਿੱਲੀ ਦੇ ਕੁਝ ਹਿੱਸਿਆਂ, ਮਥੁਰਾ ਰੋਡ, ਕਨਾਟ ਪਲੇਸ, ਭੈਰੋਂ ਮਾਰਗ, ਆਈ ਟੀ ਓ ਅਤੇ ਜ਼ਖੀਰਾ ਅੰਡਰਪਾਸ ਨੇੜੇ ਪਾਣੀ ਜਮ੍ਹਾਂ ਹੋਣ ਕਾਰਨ ਵਾਹਨਾਂ ਦੀ ਰਫ਼ਤਾਰ ਰੁਕ ਗਈ। ਸੋਸ਼ਲ ਮੀਡੀਆ ਉੱਤੇ ਸਾਹਮਣੇ ਆਈਆਂ ਵੀਡੀਓਜ਼ ਵਿੱਚ ਦੇਖਿਆ ਜਾ ਸਕਦਾ ਹੈ ਕਿ ਸੰਗਮ ਵਿਹਾਰ ਇਲਾਕੇ ਵਿੱਚ ਕਰੀਬ ਇੱਕ ਦਰਜਨ ਵਿਦਿਆਰਥੀ ਲੱਕ ਤੱਕ ਭਰੇ ਪਾਣੀ ਵਿੱਚੋਂ ਲੰਘਣ ਲਈ ਮਜਬੂਰ ਹੋਏ।
ਇਸੇ ਤਰ੍ਹਾਂ ਪੁਰਾਣੀ ਦਿੱਲੀ ਦੇ ਸਦਰ ਬਾਜ਼ਾਰ ਵਿੱਚ ਵੀ ਲੋਕਾਂ ਨੂੰ ਡੂੰਘੇ ਪਾਣੀ ਵਿੱਚੋਂ ਲੰਘਣਾ ਪਿਆ। ਕਮਲਾ ਨਗਰ ਮਾਰਕੀਟ ਦੀਆਂ ਸੜਕਾਂ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਈਆਂ। ਸਰਾਏ ਕਾਲੇ ਖਾਂ, ਮਥੁਰਾ ਰੋਡ ਅਤੇ ਦਵਾਰਕਾ ਐਕਸਪ੍ਰੈੱਸਵੇਅ ਉੱਤੇ ਵਾਹਨ ਚਾਲਕਾਂ ਨੇ ਭਾਰੀ ਜਾਮ ਦੀਆਂ ਸ਼ਿਕਾਇਤਾਂ ਕੀਤੀਆਂ। ਨਿਊ ਅਸ਼ੋਕ ਨਗਰ ਮੈਟਰੋ ਸਟੇਸ਼ਨ, ਬੁਰਾੜੀ, ਸੀ ਆਰ ਪਾਰਕ, ਭਲਸਵਾ ਅਤੇ ਅਲਕਨੰਦਾ ਇਲਾਕੇ ਵਿੱਚ ਵੀ ਪਾਣੀ ਭਰਨ ਕਾਰਨ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸੰਸਦ ਮਾਰਗ ਅਤੇ ਸ਼ਿਵਾਜੀ ਸਟੇਡੀਅਮ ਨੇੜੇ ਵੀ ਹਾਲਾਤ ਅਜਿਹੇ ਹੀ ਰਹੇ। ਮੀਂਹ ਕਾਰਨ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ।
ਦਿੱਲੀ ਦੇ ਪ੍ਰਮੁੱਖ ਮੌਸਮ ਕੇਂਦਰ ਸਫਦਰਜੰਗ ਵਿੱਚ ਸੋਮਵਾਰ ਨੂੰ ਘੱਟੋ-ਘੱਟ ਤਾਪਮਾਨ 27.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 1.4 ਡਿਗਰੀ ਵੱਧ ਸੀ। ਰਿਜ ਇਲਾਕੇ ਵਿੱਚ ਸ਼ਹਿਰ ਦਾ ਸਭ ਤੋਂ ਘੱਟ ਤਾਪਮਾਨ 24 ਡਿਗਰੀ ਸੈਲਸੀਅਸ ਦਰਜ
ਕੀਤਾ ਗਿਆ।
ਮੀਂਹ ਕਾਰਨ ਇਮਾਰਤ ਦਾ ਹਿੱਸਾ ਡਿੱਗਿਆ
ਨਵੀਂ ਦਿੱਲੀ (ਪੱਤਰ ਪ੍ਰੇਰਕ): ਕੌਮੀ ਰਾਜਧਾਨੀ ਦਿੱਲੀ ਵਿੱਚ ਅੱਜ ਪਏ ਭਾਰੀ ਮੀਂਹ ਦੌਰਾਨ ਚਾਂਦਨੀ ਮਹਿਲ ਇਲਾਕੇ ਵਿੱਚ ਖਸਤਾਹਾਲ ਇਮਾਰਤ ਦਾ ਵੱਡਾ ਹਿੱਸਾ ਡਿੱਗ ਗਿਆ। ਇਸ ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਤੋਂ ਤਾਂ ਬਚਾਅ ਰਿਹਾ ਪਰ ਮਲਬੇ ਹੇਠਾਂ ਆਉਣ ਕਾਰਨ ਤਿੰਨ-ਚਾਰ ਦੋਪਹੀਆ ਵਾਹਨ ਨੁਕਸਾਨੇ ਗਏ। ਪੁਲੀਸ ਅਨੁਸਾਰ ਪਹਾੜੀ ਭੋਜਲਾ ਸਥਿਤ ਇਮਾਰਤ ਨੰਬਰ 1569 ਦੇ ਡਿੱਗਣ ਦੀ ਸੂਚਨਾ ਪੀ ਸੀ ਆਰ ਕਾਲ ਰਾਹੀਂ ਚਾਂਦਨੀ ਮਹਿਲ ਥਾਣੇ ਨੂੰ ਮਿਲੀ ਸੀ। ਸੂਚਨਾ ਮਿਲਦਿਆਂ ਹੀ ਪੁਲੀਸ ਟੀਮ ਨੇ ਮੌਕੇ ਉੱਤੇ ਪਹੁੰਚ ਕੇ ਸਭ ਤੋਂ ਪਹਿਲਾਂ ਇਲਾਕੇ ਨੂੰ ਆਪਣੇ ਘੇਰੇ ਵਿੱਚ ਲਿਆ। ਇਸ ਮਗਰੋਂ ਮੌਕੇ ਉੱਤੇ ਮੌਜੂਦ ਲੋਕਾਂ ਨੂੰ ਤੁਰੰਤ ਸੁਰੱਖਿਅਤ ਥਾਵਾਂ ਉੱਤੇ ਭੇਜਿਆ ਗਿਆ ਅਤੇ ਮਲਬੇ ਹੇਠਾਂ ਦੱਬੇ ਵਾਹਨਾਂ ਨੂੰ ਬਾਹਰ ਕੱਢਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਨਗਰ ਨਿਗਮ ਵੱਲੋਂ ਇਸ ਇਮਾਰਤ ਦੀ ਖਸਤਾ ਹਾਲਤ ਸਬੰਧੀ ਪਹਿਲਾਂ ਹੀ ਨੋਟਿਸ ਜਾਰੀ ਕੀਤਾ ਜਾ ਚੁੱਕਿਆ ਸੀ। ਹਾਦਸੇ ਸਮੇਂ ਇਮਾਰਤ ਵਿੱਚ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਪੁਲੀਸ ਵੱਲੋਂ ਨਗਰ ਨਿਗਮ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਦਿੱਲੀ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਕਾਰਨ ਪਾਣੀ ਭਰਨ ਅਤੇ ਟਰੈਫਿਕ ਜਾਮ ਵਰਗੀਆਂ ਸਮੱਸਿਆਵਾਂ ਆ ਰਹੀਆਂ ਹਨ।

