ਫਿਲਮੀ ਅੰਦਾਜ਼ ਵਿੱਚ ਛਾਪਾ ਮਾਰਨ ਵਾਲੇ CBI ਦੇ 7 ਫਰਜ਼ੀ ਅਧਿਕਾਰੀ Delhi Police ਵੱਲੋਂ ਗ੍ਰਿਫ਼ਤਾਰ
ਫਿਲਮੀ ਅੰਦਾਜ਼ ਵਿੱਚ ਮਾਰਦੇ ਸਨ ਫ਼ਰਜ਼ੀ ਛਾਪੇ
ਦਿੱਲੀ ਪੁਲੀਸ ਨੇ ਫਿਲਮੀ ਅੰਦਾਜ਼ ਵਿੱਚ ਸੀ ਬੀ ਆਈ ਦੇ ਫਰਜ਼ੀ ਅਧਿਕਾਰੀ ਬਣ ਕੇ ਧਮਕਾਉਣ ਦੇ ਦੋਸ਼ ਹੇਠ ਸੱਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਇੱਕ ਬਾਰ ਗਾਇਕਾ, ਸਾਬਕਾ ਬੈਂਕ ਕਰਮਚਾਰੀ ਅਤੇ ਇੱਕ ਇਲੈਕਟ੍ਰੀਸ਼ੀਅਨ ਸ਼ਾਮਲ ਹਨ। ਇਨ੍ਹਾਂ ਸਾਰਿਆਂ ਨੇ ਮਿਲ ਕੇ ਉੱਤਰ-ਪੱਛਮੀ ਦਿੱਲੀ ਦੇ ਰੋਹਿਣੀ ਇਲਾਕੇ ਵਿੱਚ ਇੱਕ ਕਾਰੋਬਾਰੀ ਦੇ ਘਰ ਫ਼ਰਜ਼ੀ ਛਾਪਾ ਮਾਰਿਆ ਸੀ।
ਪੁਲੀਸ ਵੱਲੋਂ ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਜੰਮੂ-ਕਸ਼ਮੀਰ ਦੀ ਰਹਿਣ ਵਾਲੀ ਆਸਿਫਾ (29), ਬਾਰ ਗਾਇਕਾ ਪੂਜਾ ਅਗਰਵਾਲ, ਬੈਂਕ ਦੇ ਸਾਬਕਾ ਕਰਮਚਾਰੀ ਕੁਲਦੀਪ ਸ਼ਰਮਾ, ਇਲੈਕਟ੍ਰਾਨਿਕਸ ਮੁਰੰਮਤ ਕਰਨ ਵਾਲੇ ਚੰਦਰ ਪ੍ਰਕਾਸ਼ ਸ਼ਰਮਾ (38), ਸ਼ੁਭਮ ਉਰਫ਼ ਗੋਲੂ (25), ਰਾਜਵੀਰ ਸਿੰਘ (21) ਅਤੇ ਨਿਤਿਨ ਸ਼ਰਮਾ (30) ਵਜੋਂ ਹੋਈ ਹੈ।
ਪੁਲੀਸ ਅਨੁਸਾਰ ਪ੍ਰਸ਼ਾਂਤ ਵਿਹਾਰ ਦੇ ਰਹਿਣ ਵਾਲੇ ਪ੍ਰਥਮ ਅਗਰਵਾਲ ਨੇ ਸ਼ਿਕਾਇਤ ਦਿੱਤੀ ਸੀ ਕਿ 11 ਅਗਸਤ ਦੀ ਰਾਤ ਕਰੀਬ 10 ਵਜੇ ਜਦੋਂ ਉਹ ਆਪਣੀ ਮਾਂ ਨਾਲ ਘਰ ਸੀ, ਤਾਂ ਅੱਠ ਜਣਿਆਂ ਦਾ ਇੱਕ ਗਰੋਹ ਉਨ੍ਹਾਂ ਦੇ ਘਰ ਬਾਹਰ ਆਇਆ। ਇਨ੍ਹਾਂ ਵਿੱਚ ਛੇ ਪੁਰਸ਼ ਅਤੇ ਦੋ ਔਰਤਾਂ ਸ਼ਾਮਲ ਸਨ, ਜਿਨ੍ਹਾਂ ਨੇ ਖ਼ੁਦ ਨੂੰ ਸੀ ਬੀ ਆਈ ਦਾ ਅਧਿਕਾਰੀ ਦੱਸਿਆ। ਉਨ੍ਹਾਂ ਨੇ ਕਥਿਤ ਤੌਰ ’ਤੇ ਸੀ ਬੀ ਆਈ ਦੇ ਪਛਾਣ ਪੱਤਰ ਦਿਖਾਉਂਦਿਆਂ ਘਰ ਦੀ ਤਲਾਸ਼ੀ ਲੈਣ ਦੀ ਮੰਗ ਕੀਤੀ। ਜਦੋਂ ਪਰਿਵਾਰ ਨੇ ਤਲਾਸ਼ੀ ਵਾਰੰਟ ਮੰਗਿਆ ਤਾਂ ਮੁਲਜ਼ਮਾਂ ਨੇ ਉਨ੍ਹਾਂ ਨੂੰ ਡਰਾਉਣਾ ਅਤੇ ਧਮਕਾਉਣਾ ਸ਼ੁਰੂ ਕਰ ਦਿੱਤਾ। ਇਹ ਗਰੋਹ ਕਰੀਬ ਡੇਢ ਘੰਟੇ ਤੱਕ ਘਰ ਦੇ ਬਾਹਰ ਖੜ੍ਹਾ ਰਿਹਾ। ਗੁਆਂਢੀਆਂ ਦੇ ਦਖ਼ਲ ਮਗਰੋਂ ਉਨ੍ਹਾਂ ਦਾਅਵਾ ਕੀਤਾ ਕਿ ਸ਼ਿਕਾਇਤਕਰਤਾ ਦੇ ਪਿਤਾ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਮੁਲਜ਼ਮ ਗੱਡੀ ਵਿੱਚੋਂ ਨੋਟਿਸ ਲਿਆਉਣ ਦੇ ਬਹਾਨੇ ਉੱਥੋਂ ਚਲੇ ਗਏ। ਇਸ ਮਗਰੋਂ ਸ਼ਿਕਾਇਤਕਰਤਾ ਨੇ ਪੁਲੀਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੁਲੀਸ ਨੇ ਗਰੋਹ ਦਾ ਪਰਦਾਫਾਸ਼ ਕੀਤਾ।

