DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Delhi-NCR: ਮੀਂਹ ਨੇ ਦਿੱਲੀ ਵਾਸੀਆਂ ਨੂੰ ਗਰਮੀ ਤੋਂ ਰਾਹਤ ਦਿਵਾਈ

ਅੱਜ ਵੀ ਬੱਦਲਵਾਈ ਰਹਿਣ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ; ਮੀਂਹ ਕਾਰਨ ਕਈ ਥਾਈਂ ਜਾਮ ਲੱਗੇ

  • fb
  • twitter
  • whatsapp
  • whatsapp
featured-img featured-img
ਮੀਂਹ ਕਾਰਨ ਦਿੱਲੀ ਦੇ ਰਿੰਗ ਰੋਡ ’ਤੇ ਜਾਮ ਵਿੱਚ ਫਸੇ ਹੋਏ ਵਾਹਨ। -ਫੋਟੋ: ਏਐੱਨਆਈ
Advertisement

ਦਿੱਲੀ-ਐੱਨ ਸੀ ਆਰ ਵਿੱਚ ਪਿਛਲੇ ਦੋ ਦਿਨਾਂ ਤੋਂ ਮੀਂਹ ਅਤੇ ਬੱਦਲਵਾਈ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾਈ ਹੈ। ਇਹ ਮੌਸਮ ਭਲਕ ਤੱਕ ਅਜਿਹਾ ਹੀ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ 5 ਮਈ ਨੂੰ ਦਿੱਲੀ ਐੱਨ ਸੀ ਆਰ ਵਿੱਚ ਕਈ ਥਾਵਾਂ ਉੱਪਰ ਮੀਂਹ ਪਿਆ ਅਤੇ 6 ਮਈ ਨੂੰ ਰਾਜਧਾਨੀ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਮੀਂਹ, ਤੇਜ਼ ਹਵਾਵਾਂ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਨਾਲ ਅਤਿ ਦੀ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੇਗੀ।

ਮੰਗਲਵਾਰ ਨੂੰ ਦਿੱਲੀ-ਐੱਨ ਸੀ ਆਰ ਵਿੱਚ ਦਿਨ ਭਰ ਬੱਦਲਵਾਈ ਰਹੀ। ਕਈ ਇਲਾਕਿਆਂ ਵਿੱਚ ਤੇਜ਼ ਹਵਾਵਾਂ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਸ਼ ਹੋਈ, ਖ਼ਾਸ ਕਰ ਕੇ ਦੁਪਹਿਰ ਅਤੇ ਸ਼ਾਮ ਨੂੰ ਵੇਲੇ ਮੀਂਹ ਪਿਆ। ਕੁਝ ਇਲਾਕਿਆਂ ਵਿੱਚ ਗਰਜ ਨਾਲ ਬਿਜਲੀ ਚਮਕੀ। ਮੀਂਹ ਨਾਲ ਐੱਨ ਸੀ ਆਰ ਵਿੱਚ ਪ੍ਰਦੂਸ਼ਣ ਨੂੰ ਠੱਲ੍ਹ ਪਈ ਹੈ। ਮਾਹਿਰਾਂ ਅਨੁਸਾਰ ਇਹ ਮੀਂਹ ਫ਼ਸਲਾਂ ਲਈ ਫ਼ਾਇਦੇਮੰਦ ਹੋਵੇਗਾ। ਫ਼ਰੀਦਾਬਾਦ, ਗੁਰੂਗ੍ਰਾਮ, ਨੋਇਡਾ ਅਤੇ ਗਾਜ਼ੀਆਬਾਦ ਵਿੱਚ ਵੀ ਮੀਂਹ ਨੇ ਦਸਤਕ ਦਿੱਤੀ। ਮੀਂਹ ਕਾਰਨ ਦਿੱਲੀ-ਐੱਲ ਸੀ ਆਰ ਦੀਆਂ ਕਈ ਸੜਕਾਂ ’ਤੇ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਇਸ ਕਾਰਨ ਕੁਝ ਸੜਕਾਂ ’ਤੇ ਜਾਮ ਲੱਗਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।

Advertisement

ਮੌਸਮ ਵਿਭਾਗ ਨੇ ਕਿਹਾ ਕਿ ਬੁੱਧਵਾਰ ਨੂੰ ਵੀ ਬੱਦਲਵਾਈ ਰਹੇਗੀ। ਹਾਲਾਂਕਿ, ਨਮੀ ਅਤੇ ਹਲਕੀਆਂ ਹਵਾਵਾਂ ਨਾਲ ਮੌਸਮ ਖ਼ੁਸ਼ਗਵਾਰ ਬਣਿਆ ਰਹੇਗਾ। ਮੌਸਮ ਵਿਭਾਗ ਦੇ ਅਨੁਸਾਰ 7 ਤੋਂ 10 ਮਈ ਦੇ ਵਿਚਕਾਰ ਦਿੱਲੀ-ਐੱਨ ਸੀ ਆਰ ਵਿੱਚ ਅਸਮਾਨ ਸਾਫ਼ ਨਹੀਂ ਹੋਵੇਗਾ। ਕੁਝ ਖੇਤਰਾਂ ਵਿੱਚ ਕਦੇ-ਕਦਾਈਂ ਬੱਦਲਵਾਈ ਅਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ, 10 ਮਈ ਦੇ ਆਸ-ਪਾਸ ਮੁੜ ਪੈਣ ਦੀ ਸੰਭਾਵਨਾ ਹੈ।

Advertisement

ਮੀਂਹ ਨਾਲ ਪ੍ਰਦੂਸ਼ਣ ਤੋਂ ਵੀ ਰਾਹਤ ਮਿਲੀ

ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ ਵਿੱਚ ਮੀਂਹ ਪੈਣ ਮਗਰੋਂ ਘੱਟੋ-ਘੱਟ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਮੰਗਲਵਾਰ ਨੂੰ ਹਵਾ ਦੀ ਗੁਣਵੱਤਾ ਵਿੱਚ ਵੀ ਸੁਧਾਰ ਹੋਇਆ ਹੈ। ਸਫਦਰਜੰਗ ਵਿੱਚ ਪਿਛਲੇ 24 ਘੰਟਿਆਂ ਵਿੱਚ 4.6 ਮਿਲੀਮੀਟਰ ਮੀਂਹ ਪਿਆ, ਲੋਧੀ ਰੋਡ ’ਤੇ 6.1 ਮਿਲੀਮੀਟਰ, ਰਿਜ ਵਿੱਚ 11.9 ਮਿਲੀਮੀਟਰ ਜਦੋਂਕਿ ਪਾਲਮ ਵਿੱਚ ਬਹੁਤ ਘੱਟ ਮੀਂਹ ਪਿਆ। ਆਯਾਨਗਰ ਵਿੱਚ ਮੀਂਹ ਨਹੀਂ ਪਿਆ। ਮੀਂਹ ਪੈਣ ਮਗਰੋਂ ਸਫਦਰਜੰਗ ਵਿੱਚ ਘੱਟੋ-ਘੱਟ ਤਾਪਮਾਨ 19.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਪਾਲਮ ਵਿੱਚ 21.1 ਡਿਗਰੀ ਅਤੇ ਲੋਧੀ ਰੋਡ ਵਿੱਚ ਘੱਟੋ-ਘੱਟ ਤਾਪਮਾਨ 18.6, ਰਿਜ ਵਿੱਚ 17.7 ਜਦੋਂਕਿ ਆਯਾਨਗਰ ਵਿੱਚ 22.4 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। ਮੀਂਹ ਸਦਕਾ ਕੌਮੀ ਰਾਜਧਾਨੀ ਵਿੱਚ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਹੋਇਆ ਹੈ। ਸਵੇਰੇ ਸਮੇਂ ਏ ਕਿਊ ਆਈ 69 ਦਰਜ ਕੀਤਾ ਗਿਆ ਜੋ ‘ਸੰਤੋਸ਼ਜਨਕ’ ਸ਼੍ਰੇਣੀ ਵਿੱਚ ਆਉਂਦਾ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਏ ਕਿਊ ਆਈ ਜ਼ੀਰੋ ਤੋਂ 50 ਦੇ ਵਿਚਕਾਰ ‘ਚੰਗਾ’, 51 ਤੋਂ 100 ਦੇ ਵਿਚਕਾਰ ‘ਸੰਤੋਸ਼ਜਨਕ’, 101 ਤੋਂ 200 ਦੇ ਵਿਚਕਾਰ ‘ਦਰਮਿਆਨਾ’, 201 ਤੋਂ 300 ਦੇ ਵਿਚਕਾਰ ‘ਖ਼ਰਾਬ’, 301 ਤੋਂ 400 ਦੇ ਵਿਚਕਾਰ ‘ਬਹੁਤ ਖ਼ਰਾਬ’ ਅਤੇ 401 ਤੋਂ 500 ਦੇ ਵਿਚਕਾਰ ‘ਗੰਭੀਰ’ ਮੰਨਿਆ ਜਾਂਦਾ ਹੈ। -ਪੀਟੀਆਈ

ਖੰਭੇ ਅਤੇ ਸੋਲਰ ਪਲੇਟਾਂ ਦਾ ਨੁਕਸਾਨ

ਜੀਂਦ (ਮਹਾਂਵੀਰ ਮਿੱਤਲ): ਹਨੇਰੀ ਅਤੇ ਮੀਂਹ ਕਾਰਨ ਜੀਂਦ ਜ਼ਿਲ੍ਹੇ ਵਿੱਚ ਕਈ ਥਾਈਂ ਨੁਕਸਾਨ ਹੋਇਆ ਹੈ। ਹਨੇਰੀ ਕਾਰਨ ਪੋਲ ਟੁੱਟਣ, ਟਰਾਂਸਫਾਰਮਰ ਡਿੱਗਣ, ਦਰੱਖ਼ਤ ਡਿੱਗਣ ਅਤੇ ਸੋਲਰ ਪਲੇਟਾਂ ਟੁੱਟਣ ਦੇ ਮਾਮਲੇ ਸਾਹਮਣੇ ਆਏ ਹਨ। ਸੋਲਰ ਪਲੇਟਾਂ ਟੁੱਟਣ ਕਾਰਨ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਹੈ। ਜਾਣਕਾਰੀ ਅਨੁਸਾਰ ਜੀਂਦ ਜ਼ਿਲ੍ਹੇ ਵਿੱਚ ਹਨੇਰੀ ਕਾਰਨ ਲਗਪਗ 300 ਤੋਂ ਵੱਧ ਖੰਭੇ, 24 ਦੇ ਕਰੀਬ ਟਰਾਂਸਫਾਰਮਰ, ਦਰਜਨਾਂ ਥਾਵਾਂ ਉੱਤੇ ਦਰੱਖ਼ਤ ਅਤੇ ਕਈ ਥਾਵਾਂ ਉੱਤੇ ਸੋਲਰ ਪਲੇਟਾਂ ਟੁੱਟੀਆਂ ਹਨ। ਕਈ ਥਾਵਾਂ ’ਤੇ ਬਾਗ਼ਾਂ ਵਿੱਚ ਫਲਦਾਰ ਬੂਟੇ ਨੁਕਸਾਨੇ ਜਾਣ ਕਾਰਨ ਕਿਸਾਨਾਂ ਨੂੰ ਨੁਕਸਾਨ ਹੋਇਆ ਹੈ। ਬਾਗ਼ਬਾਨੀ ਵਾਲੇ ਕਿਸਾਨਾਂ ਅਤੇ ਸੋਲਰ ਪਲੇਟਾਂ ਨੁਕਸਾਨੇ ਜਾਣ ਕਾਰਨ ਪੀੜਤ ਕਿਸਾਨਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।

Advertisement
×