Delhi Blast: ਅਤਿਵਾਦੀ ਮੌਡਿਊਲ ਬੇਨਕਾਬ ਹੋਣ ਮਗਰੋਂ ਅਲ-ਫਲਾਹ ਯੂਨੀਵਰਸਿਟੀ ਸ਼ੱਕ ਦੇ ਦਾਇਰੇ ’ਚ
ਸਿੱਖਿਅਤ ਵਿਅਕਤੀਆਂ ਦੇ ਪਾਕਿਸਤਾਨ ਸਮਰਥਿਤ ਹੈਂਡਲਰਾਂ ਦੇ ਇਸ਼ਾਰੇ ’ਤੇ ਕੰਮ ਕਰਦੇ ਪਾਏ ਜਾਣ ਤੋਂ ਬਾਅਦ, ਜਾਂਚਕਰਤਾ ਇਹ ਜਾਂਚ ਕਰ ਰਹੇ ਹਨ ਕਿ ਯੂਨੀਵਰਸਿਟੀ ਅਜਿਹੇ ਵਿਅਕਤੀਆਂ ਲਈ ਸੁਰੱਖਿਅਤ ਪਨਾਹਗਾਹ ਕਿਵੇਂ ਬਣ ਗਈ।
ਯੂਨੀਵਰਸਿਟੀ ਦੀ ਵੈੱਬਸਾਈਟ ਦੇ ਅਨੁਸਾਰ ਇਸਦੀ ਸਥਾਪਨਾ ਹਰਿਆਣਾ ਪ੍ਰਾਈਵੇਟ ਯੂਨੀਵਰਸਿਟੀ ਐਕਟ ਤਹਿਤ ਹਰਿਆਣਾ ਵਿਧਾਨ ਸਭਾ ਵੱਲੋਂ ਕੀਤੀ ਗਈ ਸੀ।
ਇਸ ਦੀ ਸ਼ੁਰੂਆਤ 1997 ਵਿੱਚ ਇੱਕ ਇੰਜੀਨੀਅਰਿੰਗ ਕਾਲਜ ਵਜੋਂ ਹੋਈ ਸੀ। 2013 ਵਿੱਚ ਅਲ-ਫਲਾਹ ਇੰਜੀਨੀਅਰਿੰਗ ਕਾਲਜ ਨੂੰ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੀ ਨੈਸ਼ਨਲ ਅਸੈਸਮੈਂਟ ਐਂਡ ਐਕਰੀਡੇਸ਼ਨ ਕੌਂਸਲ (ਐੱਨ.ਏ.ਏ.ਸੀ.) ਤੋਂ 'ਏ' ਸ਼੍ਰੇਣੀ ਦੀ ਮਾਨਤਾ ਪ੍ਰਾਪਤ ਹੋਈ। 2014 ਵਿੱਚ ਹਰਿਆਣਾ ਸਰਕਾਰ ਨੇ ਇਸ ਨੂੰ ਯੂਨੀਵਰਸਿਟੀ ਦਾ ਦਰਜਾ ਦਿੱਤਾ। ਅਲ-ਫਲਾਹ ਮੈਡੀਕਲ ਕਾਲਜ ਵੀ ਇਸ ਯੂਨੀਵਰਸਿਟੀ ਨਾਲ ਸੰਬੰਧਿਤ ਹੈ।
ਕਈ ਮਾਹਿਰਾਂ ਦੇ ਅਨੁਸਾਰ ਇਸ ਦੇ ਸ਼ੁਰੂਆਤੀ ਸਾਲਾਂ ਵਿੱਚ, ਅਲ-ਫਲਾਹ ਯੂਨੀਵਰਸਿਟੀ ਨੇ ਘੱਟ ਗਿਣਤੀ ਵਿਦਿਆਰਥੀਆਂ ਲਈ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਅਤੇ ਜਾਮੀਆ ਮਿਲੀਆ ਇਸਲਾਮੀਆ ਦੇ ਇੱਕ ਸ਼ਾਨਦਾਰ ਬਦਲ ਵਜੋਂ ਆਪਣੇ ਆਪ ਨੂੰ ਪੇਸ਼ ਕੀਤਾ।
ਇਹ ਯੂਨੀਵਰਸਿਟੀ ਜੋ ਦਿੱਲੀ ਦੇ ਜਾਮੀਆ ਮਿਲੀਆ ਇਸਲਾਮੀਆ ਤੋਂ ਸਿਰਫ 30 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ, ਦਾ ਪ੍ਰਬੰਧਨ ਅਲ-ਫਲਾਹ ਚੈਰੀਟੇਬਲ ਟਰੱਸਟ ਵੱਲੋਂ ਕੀਤਾ ਜਾਂਦਾ ਹੈ, ਜਿਸਦੀ ਸਥਾਪਨਾ 1995 ਵਿੱਚ ਕੀਤੀ ਗਈ ਸੀ।
ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਮੰਗਲਵਾਰ ਨੂੰ ਦਿਨ ਭਰ ਯੂਨੀਵਰਸਿਟੀ ਵਿੱਚ ਜਾਂਚ ਕੀਤੀ ਅਤੇ ਕਈ ਲੋਕਾਂ ਤੋਂ ਪੁੱਛਗਿੱਛ ਕੀਤੀ ਹੈ।
ਉਧਰ ਅਲ ਫਲਾਹ ਯੂਨੀਵਰਸਿਟੀ ਨੇ ਬੁੱਧਵਾਰ ਨੂੰ ਇਕ ਅਧਿਕਾਰਤ ਬਿਆਨ ਜਾਰੀ ਕਰਕੇ ਕਥਿਤ ‘ਸਫੇਦ ਕੌਲਰ ਦਹਿਸ਼ਤੀ ਮੌਡਿਊਲ’ ਦੇ ਸਬੰਧ ਵਿਚ ਗ੍ਰਿਫ਼ਤਾਰ ਤਿੰਨ ਡਾਕਟਰਾਂ ਤੋਂ ਦੂਰੀ ਬਣਾ ਲਈ ਹੈ। ਉਪ ਕੁਲਪਤੀ ਪ੍ਰੋਫੈਸਰ (ਡਾ.) ਭੁਪਿੰਦਰ ਕੌਰ ਆਨੰਦ ਨੇ ਕਿਹਾ ਕਿ ਯੂਨੀਵਰਸਿਟੀ ਦਾ ਇਨ੍ਹਾਂ ਵਿਅਕਤੀਆਂ (ਡਾਕਟਰਾਂ) ਨਾਲ ਕੋਈ ਸਬੰਧ ਨਹੀਂ ਸਿਵਾਏ ਇਸ ਦੇ ਕੇ ਉਹ ਯੂਨੀਵਰਸਿਟੀ ਵਿਚ ਆਪਣੀ ਅਧਿਕਾਰਤ ਸਮਰੱਥਾ ਤਹਿਤ ਕੰਮ ਕਰ ਰਹੇ ਸਨ।’’
ਉਨ੍ਹਾਂ ਕਿਹਾ, ‘‘ਅਸੀਂ ਇਸ ਮੰਦਭਾਗੀ ਘਟਨਾਕ੍ਰਮ ਤੋਂ ਬਹੁਤ ਦੁਖੀ ਹਾਂ ਅਤੇ ਇਸ ਦੀ ਨਿੰਦਾ ਕਰਦੇ ਹਾਂ। ਸਾਡੀਆਂ ਸੰਵੇਦਨਾਵਾਂ ਅਤੇ ਪ੍ਰਾਰਥਨਾਵਾਂ ਇਨ੍ਹਾਂ ਦੁਖਦਾਈ ਘਟਨਾਵਾਂ ਤੋਂ ਪੀੜਤ ਸਾਰੇ ਮਾਸੂਮ ਲੋਕਾਂ ਨਾਲ ਹਨ।’’ ਪ੍ਰੋਫੈਸਰ ਆਨੰਦ ਨੇ ਕਿਹਾ ਕਿ ਯੂਨੀਵਰਸਿਟੀ ਜਾਂਚ ਏਜੰਸੀਆਂ ਨੂੰ ਆਪਣਾ ‘ਪੂਰਾ ਸਹਿਯੋਗ’ ਦੇ ਰਹੀ ਹੈ ਤਾਂ ਜੋ ਉਹ ਕੌਮੀ ਸੁਰੱਖਿਆ ਨਾਲ ਸਬੰਧਤ ਮਾਮਲੇ ਵਿੱਚ ਇੱਕ ਤਰਕਪੂਰਨ, ਨਿਰਪੱਖ ਅਤੇ ਨਿਰਣਾਇਕ ਨਿਰਣੇ 'ਤੇ ਪਹੁੰਚਣ ਦੇ ਯੋਗ ਹੋ ਸਕਣ।
ਜ਼ਿਕਰਯੋਗ ਹੈ ਕਿ ਸੋਮਵਾਰ ਸ਼ਾਮ ਨੂੰ ਦਿੱਲੀ ਦੇ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਨੇੜੇ ਇੱਕ ਵਿਸਫੋਟਕ ਨਾਲ ਭਰੀ ਕਾਰ ਵਿੱਚ ਇੱਕ ਤੇਜ਼ ਧਮਾਕਾ ਹੋਇਆ, ਜਿਸ ਵਿੱਚ 12 ਲੋਕ ਮਾਰੇ ਗਏ ਅਤੇ ਕਈ ਹੋਰ ਜ਼ਖਮੀ ਹੋ ਗਏ। ਪੁਲਵਾਮਾ-ਅਧਾਰਤ ਡਾਕਟਰ ਮੁਹੰਮਦ ਉਮਰ ਨਬੀ ਅਲ-ਫਲਾਹ ਯੂਨੀਵਰਸਿਟੀ ਵਿੱਚ ਸਹਾਇਕ ਪ੍ਰੋਫੈਸਰ ਸੀ।
