ਪੱਤਰ ਪ੍ਰੇਰਕ
ਰਤੀਆ, 20 ਸਤੰਬਰ
ਗ੍ਰਾਮ ਪੰਚਾਇਤ ਅਤੇ ਸਿੱਖਿਆ ਸਮਿਤੀ ਨਾਗਪੁਰ ਨੇ ਅਹਿਮ ਮੀਟਿੰਗ ਵਿਚ ਮਹੱਤਵਪੂਰਨ ਫੈਸਲਾ ਲਿਆ ਹੈ। ਫ਼ੈਸਲੇ ਅਨੁਸਾਰ ਪਿੰਡ ਦੇ ਤਿੰਨਾਂ ਸਰਕਾਰੀ ਸਕੂਲਾਂ ਵਿਚ ਕਿਸੇ ਵੀ ਬਰਾਦਰੀ ਦਾ ਵਿਅਕਤੀ ਸਕੂਲ ਦਾ ਅਨੁਸ਼ਾਸਨ ਖਰਾਬ ਕਰਦਾ ਹੈ ਤਾਂ ਉਨ੍ਹਾਂ ਖ਼ਿਲਾਫ਼ ਗ੍ਰਾਮ ਪੰਚਾਇਤ ਸਖਤ ਕਾਨੂੰਨੀ ਕਾਰਵਾਈ ਕਰੇਗੀ। ਪੰਚਾਇਤ ਨੇ ਉਕਤ ਫੈਸਲਾ ਪਿਛਲੇ ਦਿਨੀਂ ਸਕੂਲ ਵਿਚ ਬੱਚਿਆਂ ਦੀ ਵੀਡੀਓ ਵਾਇਰਲ ਕਰਨ ਅਤੇ ਬਾਅਦ ਵਿਚ ਸਕੂਲ ਵਿਚ ਅਧਿਆਪਕਾਂ ਨਾਲ ਹੋਈ ਕੁੱਟਮਾਰ ਨੂੰ ਦੇਖਦੇ ਹੋਏ ਲਿਆ ਹੈ। ਪਿੰਡ ਦੀ ਸਰਪੰਚ ਅਨਿਤਾ ਕੰਬੋਜ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿਚ ਬਲਾਕ ਸਮਿਤੀ ਮੈਂਬਰ, ਪਿੰਡ ਦੇ ਸਾਰੇ ਪੰਚ, ਸਕੂਲ ਸਿੱਖਿਆ ਸਮਿਤੀ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ ਤੋਂ ਇਲਾਵਾ ਸਾਰੇ ਮੈਂਬਰ ਵੀ ਮੌਜੂਦ ਸਨ। ਪੰਚਾਇਤ ਦੀ ਮੌਜੂਦਗੀ ਵਿਚ ਲਏ ਗਏ ਫ਼ੈਸਲੇ ਤਹਿਤ ਇਹ ਵੀ ਦੱਸਿਆ ਗਿਆ ਕਿ ਜੇਕਰ ਸਕੂਲ ਵਿਚ ਪੜ੍ਹਾਈ ਅਤੇ ਹੋਰ ਕਿਸੇ ਤਰ੍ਹਾਂ ਦਾ ਕੰਮ ਹੈ ਤਾਂ ਸਬੰਧਤ ਵਿਅਕਤੀ ਸਕੂਲ ਦੇ ਮੁਖੀ, ਮੁੱਖ ਅਧਿਆਪਕ ਜਾਂ ਪ੍ਰਿੰਸੀਪਲ ਨੂੰ ਮਿਲਣ ਅਤੇ ਉਨ੍ਹਾਂ ਨਾਲ ਨਿਮਰਤਾ ਨਾਲ ਗੱਲ ਕਰਨ। ਜੇਕਰ ਇਸ ਤੋਂ ਬਾਅਦ ਵੀ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ ਹੈ ਤਾਂ ਪਿੰਡ ਦੇ ਸਰਪੰਚ ਜਾਂ ਗ੍ਰਾਮ ਪੰਚਾਇਤ ਨੂੰ ਮਿਲਣ। ਪੰਚਾਇਤ ਦੇ ਪ੍ਰਤੀਨਿਧੀਆਂ ਨੇ ਇਹ ਵੀ ਦੱਸਿਆ ਕਿ ਪਿੰਡ ਵਿਚ ਜੇਕਰ ਸ਼ਰਾਰਤੀ ਅਨਸਰ ਕਿਸੇ ਤਰ੍ਹਾਂ ਦੀ ਗਲਤ ਵੀਡੀਓ ਬਣਾ ਕੇ ਵਾਇਰਲ ਕਰਦੇ ਹਨ ਤਾਂ ਪਹਿਲਾਂ ਗ੍ਰਾਮ ਪੰਚਾਇਤ ਆਪਣੇ ਤਰੀਕੇ ਨਾਲ ਦੇਖੇਗੀ ਅਤੇ ਇਸ ਤੋਂ ਬਾਅਦ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।