ਰਤੀਆ (ਪੱਤਰ ਪ੍ਰੇਰਕ)
ਵਿਧਾਇਕ ਲਛਮਣ ਨਾਪਾ ਨੇ ਪਿੰਡ ਨੰਗਲ ਦੇ ਨੌਜਵਾਨ ਦੀ ਕਰੰਟ ਲੱਗਣ ਕਾਰਨ ਮੌਤ ਹੋਣ ’ਤੇ ਉਸ ਦੇ ਪਰਿਵਾਰ ਨੂੰ ਚੈੈੱਕ ਸੌਂਪਿਆ ਹੈ। ਵਿਧਾਇਕ ਨੇ ਵਸਨੀਕ ਹਰਚਰਨ ਸਿੰਘ ਪੁੱਤਰ ਧੰਨਾ ਸਿੰਘ ਨੂੰ 16 ਲੱਖ 26 ਹਜ਼ਾਰ 825 ਰੁਪਏ ਦਾ ਚੈੱਕ ਦਿੱਤਾ। ਉਨ੍ਹਾਂ ਦੱਸਿਆ ਕਿ ਬਿਜਲੀ ਨਿਗਮ ਦੀ ਨੀਤੀ ਤਹਿਤ ਮ੍ਰਿਤਕ ਗੋਪਾਲ ਦਾਸ ਦੇ ਪਰਿਵਾਰ ਨੂੰ ਇਹ ਚੈੱਕ ਸੌਂਪਿਆ ਗਿਆ ਹੈ। ਵਿਧਾਇਕ ਲਛਮਣ ਨਾਪਾ ਨੇ ਦੱਸਿਆ ਕਿ ਰਵਿਦਾਸ ਜੈਅੰਤੀ ਮੌਕੇ ਪਿੰਡ ਨੰਗਲ ’ਚ ਕੱਢੇ ਜਾ ਰਹੇ ਜਲੂਸ ਦੌਰਾਨ ਇਕ ਟਰਾਲੀ ਬਿਜਲੀ ਦੇ ਖੰਭੇ ਨਾਲ ਟਕਰਾ ਗਈ ਸੀ, ਜਿਸ ਕਾਰਨ ਟਰਾਲੀ ਵਿੱਚ ਸਵਾਰ ਕਈ ਪਿੰਡ ਵਾਸੀਆਂ ਨੂੰ ਕਰੰਟ ਲੱਗਿਆ। ਇਸ ਹਾਦਸੇ ਵਿੱਚ ਪਿੰਡ ਦੇ ਨੌਜਵਾਨ ਗੋਪਾਲ ਦਾਸ ਦੀ ਮੌਤ ਹੋ ਗਈ ਸੀ। ਬਿਜਲੀ ਨਿਗਮ ਦੀ ਨੀਤੀ ਤਹਿਤ ਵਿਧਾਇਕ ਨੇ ਇਹ ਸਹਾਇਤਾ ਰਾਸ਼ੀ ਮ੍ਰਿਤਕ ਨੌਜਵਾਨ ਦੇ ਪਰਿਵਾਰ ਨੂੰ ਸੌਂਪ ਦਿੱਤੀ ਹੈ। ਇਸ ਦੌਰਾਨ ਬਿਜਲੀ ਨਿਗਮ ਦੇ ਐੱਸਡੀਓ ਅਸ਼ੋਕ ਪੰਨੂ, ਸਰਪੰਚ ਐਸੋਸੀਏਸ਼ਨ ਦੇ ਪ੍ਰਧਾਨ ਅਰਵਿੰਦ ਸਿਹਾਗ, ਕਮਾਨਾ ਸਰਪੰਚ ਪੁਰਸ਼ੋਤਮ, ਰਮੇਸ਼ ਮਹਿਤਾ, ਗੁਰਮੀਤ ਸਿੰਘ, ਬਲਦੇਵ ਸਿੰਘ, ਸਮਾਜ ਸੇਵੀ ਉਪਦੇਸ਼ ਸਿੰਘ, ਛਿੰਦਾ, ਰਣਜੀਤ ਅਤੇ ਹੋਰ ਪਤਵੰਤੇ ਨਾਗਰਿਕ ਹਾਜ਼ਰ ਸਨ।