DC ਵੱਲੋਂ ਈ-ਦਿਸ਼ਾ ਕੇਂਦਰ ਤੇ ਮਿਨੀ ਸਕੱਤਰੇਤ ਦੀ ਚੈਕਿੰਗ
ਸੇਵਾਵਾਂ ਦਾ ਜਾਇਜ਼ਾ ਲਿਆ; ਸਫ਼ਾਈ ਪ੍ਰਬੰਧਾਂ ’ਤੇ ਜ਼ੋਰ; ਮੁਲਾਜ਼ਮਾਂ ਦੀ ਹਾਜ਼ਰੀ ਵੀ ਦੇਖੀ
ਡਿਪਟੀ ਕਮਿਸ਼ਨਰ ਡਾ. ਵਿਵੇਕ ਭਾਰਤੀ ਨੇ ਈ-ਦਿਸ਼ਾ ਕੇਂਦਰ ਦਾ ਅਚਨਚੇਤ ਦੌਰਾ ਕਰ ਕੇ ਲੋਕਾਂ ਨੂੰ ਮਿਲ ਰਹੀਆਂ ਸੇਵਾਵਾਂ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਪਾਰਦਰਸ਼ੀ ਤੇ ਸਮੇਂ ਸਿਰ ਸੇਵਾਵਾਂ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ। ਡੀ ਸੀ ਨੇ ਈ-ਦਿਸ਼ਾ ਕੇਂਦਰ ਵਿੱਚ ਲੱਗੇ ਏਅਰ ਕੰਡੀਸ਼ਨਰ, ਕੰਪਿਊਟਰ, ਪ੍ਰਿੰਟਰ ਅਤੇ ਹੋਰ ਉਪਕਰਨਾਂ ਦੀ ਕਾਰਗੁਜ਼ਾਰੀ ਦੀ ਜਾਂਚ ਕੀਤੀ। ਕਰਮਚਾਰੀਆਂ ਨੇ ਦੱਸਿਆ ਕਿ ਸਾਰੇ ਏ ਸੀ ਅਤੇ ਹੋਰ ਉਪਕਰਨ ਠੀਕ ਤਰ੍ਹਾਂ ਕੰਮ ਕਰ ਰਹੇ ਹਨ।
ਡੀ ਸੀ ਨੇ ਹਦਾਇਤ ਕੀਤੀ ਕਿ ਸਾਰੇ ਉਪਕਰਨਾਂ ਦੀ ਦੇਖਭਾਲ ਯਕੀਨੀ ਬਣਾਈ ਜਾਵੇ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਵੇ। ਉਨ੍ਹਾਂ ਮੁਲਾਜ਼ਮਾਂ ਦੀ ਹਾਜ਼ਰੀ ਵੀ ਚੈੱਕ ਕਰ ਕੇ ਜ਼ਿੰਮੇਵਾਰੀ ਨਾਲ ਕੰਮ ਕਰਨ ਲਈ ਕਿਹਾ। ਡੀ ਸੀ ਡਾ. ਵਿਵੇਕ ਭਾਰਤੀ ਨੇ ਈ-ਦਿਸ਼ਾ ਕੇਂਦਰ ਵਿੱਚ ਸਫ਼ਾਈ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਦਫ਼ਤਰ ਸਾਫ਼-ਸੁਥਰਾ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਕੋਰਟ ਕੰਟੀਨ ਤੋਂ ਈ-ਦਿਸ਼ਾ ਕੇਂਦਰ ਤੱਕ ਦੇ ਰਸਤੇ ਦੀ ਵੀ ਸਫ਼ਾਈ ਬਣਾਈ ਰੱਖਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਪੀਣ ਵਾਲੇ ਪਾਣੀ ਦੇ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਆਰ ਓ ਦੀ ਸਰਵਿਸ ਕਰਵਾਉਣ ਅਤੇ ਹਰ ਸਰਵਿਸ ਤੋਂ ਬਾਅਦ ਤਰੀਕ ਦਰਜ ਕਰਨ ਲਈ ਆਖਿਆ।
ਦੌਰੇ ਤੋਂ ਬਾਅਦ ਡੀ ਸੀ ਨੇ ਸਕੱਤਰੇਤ ਕੰਪਲੈਕਸ ਵਿੱਚ ਸਥਿਤ ਪਾਵਰ ਹਾਊਸ ਦਾ ਵੀ ਦੌਰਾ ਕੀਤਾ ਅਤੇ ਉੱਥੇ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਸਬੰਧਤ ਮੁਲਾਜ਼ਮਾਂ ਨੂੰ ਸਾਰੇ ਬਿਜਲੀ ਉਪਕਰਨਾਂ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਹਰ ਸਮੇਂ ਚਾਲੂ ਹਾਲਤ ਵਿੱਚ ਰੱਖਣ ਦੇ ਨਿਰਦੇਸ਼ ਦਿੱਤੇ। ਡੀ ਸੀ ਨੇ ਕਿਹਾ ਕਿ ਸਰਕਾਰੀ ਦਫ਼ਤਰਾਂ ਵਿੱਚ ਬਿਹਤਰ ਬੁਨਿਆਦੀ ਸਹੂਲਤਾਂ, ਸਾਫ਼-ਸੁਥਰਾ ਮਾਹੌਲ ਅਤੇ ਸੁਚਾਰੂ ਕਾਰਜਪ੍ਰਣਾਲੀ ਹੀ ਲੋਕਾਂ ਨੂੰ ਗੁਣਵੱਤਾ ਭਰੀਆਂ ਸੇਵਾਵਾਂ ਦੇਣ ਦਾ ਆਧਾਰ ਹਨ। ਇਸ ਲਈ ਹਰ ਅਧਿਕਾਰੀ ਅਤੇ ਕਰਮਚਾਰੀ ਨੂੰ ਆਪਣੀ ਜ਼ਿੰਮੇਵਾਰੀ ਪੂਰੀ ਨਿਸ਼ਠਾ ਨਾਲ ਨਿਭਾਉਣੀ ਚਾਹੀਦੀ ਹੈ।

