ਲਾਭਪਾਤਰੀ ਨੂੰ ਕੰਨਿਆਦਾਨ ਤੋਂ ਰਾਸ਼ੀ ਨਾ ਮਿਲਣ ’ਤੇ ਡੀ ਸੀ ਨਾਰਾਜ਼
ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਦੀ ਮਹੀਨਾਵਾਰ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ (ਡੀਸੀ) ਮੁਹੰਮਦ ਇਮਰਾਨ ਰਜ਼ਾ ਉਸ ਵੇਲੇ ਪੂਰੇ ਐਕਸ਼ਨ ਵਿੱਚ ਨਜ਼ਰ ਆਏ, ਜਦੋਂ ਇੱਕ ਸ਼ਿਕਾਇਤਕਰਤਾ ਵਿਜੈ ਕੁਮਾਰ ਨੇ ਕਿਰਤ ਵਿਭਾਗ ਵੱਲੋਂ ਕੰਨਿਆਦਾਨ ਦੀ ਰਾਸ਼ੀ ਨਾ ਮਿਲਣ ਦੀ ਸ਼ਿਕਾਇਤ ਕੀਤੀ। ਇਸ ’ਤੇ ਡੀਸੀ ਨੇ ਸਬੰਧਤ ਕਰਮਚਾਰੀ ਨੂੰ ਫਟਕਾਰ ਲਗਾਉਂਦਿਆਂ ਕਿਹਾ, ‘ਮਾਮਲਾ ਘੁਮਾ ਕੇ ਦੱਸਣ ਦੀ ਲੋੜ ਨਹੀਂ, ਹਾਂ ਜਾਂ ਨਾਂਹ ਵਿੱਚ ਜਵਾਬ ਦਿਓ।’ ਉਨ੍ਹਾਂ ਨੇ ਤੁਰੰਤ ਕਾਰਵਾਈ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਏ.ਡੀ.ਸੀ.) ਨੂੰ ਕੇਸ ਦੁਬਾਰਾ ਬਣਾ ਕੇ ਭੇਜਣ ਦੇ ਨਿਰਦੇਸ਼ ਦਿੱਤੇ। ਇਸ ਮੀਟਿੰਗ ਦੀ ਪ੍ਰਧਾਨਗੀ ਸਿੱਖਿਆ ਮੰਤਰੀ ਮਹੀਪਾਲ ਢਾਂਡਾ ਨੇ ਕਰਨੀ ਸੀ, ਪਰ ਉਨ੍ਹਾਂ ਦੀ ਸਿਹਤ ਖਰਾਬ ਹੋਣ ਕਾਰਨ ਮੀਟਿੰਗ ਦੀ ਪ੍ਰਧਾਨਗੀ ਡੀਸੀ ਨੇ ਕੀਤੀ। ਮੀਟਿੰਗ ਵਿੱਚ ਰੱਖੀਆਂ ਗਈਆਂ ਕੁੱਲ 15 ਸ਼ਿਕਾਇਤਾਂ ਵਿੱਚੋਂ 8 ਦਾ ਨਿਬੇੜਾ ਮੌਕੇ ’ਤੇ ਹੀ ਕਰ ਦਿੱਤਾ ਗਿਆ, ਜਦਕਿ ਬਾਕੀ 7 ਸ਼ਿਕਾਇਤਾਂ ਦੀ ਜਾਂਚ ਕਰਕੇ ਅਗਲੀ ਮੀਟਿੰਗ ਵਿੱਚ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਗਏ। ਮੀਟਿੰਗ ਵਿੱਚ ਇੱਕ ਹੋਰ ਸ਼ਿਕਾਇਤਕਰਤਾ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਉਸ ਦੀ ਜ਼ਮੀਨ ’ਤੇ ਕਿਸੇ ਹੋਰ ਵਿਅਕਤੀ ਨੇ ਗਲਤ ਰਜਿਸਟਰੀ ਕਰਵਾ ਲਈ ਹੈ। ਇਸ ’ਤੇ ਡੀਸੀ ਨੇ ਦੱਸਿਆ ਕਿ ਇਸ ਸਬੰਧੀ ਕੇਸ ਦਰਜ ਕੀਤਾ ਜਾ ਚੁੱਕਾ ਹੈ ਅਤੇ ਪੁਲੀਸ ਕਾਰਵਾਈ ਜਾਰੀ ਹੈ। ਇਸੇ ਤਰ੍ਹਾਂ ਸਫੀਦੋਂ ਦੇ ਇੱਕ ਮਾਮਲੇ ਦੀ ਨਿਰਪੱਖ ਜਾਂਚ ਲਈ ਡੀਸੀ ਨੇ ਐੱਸ ਡੀ ਐੱਮ ਨੂੰ ਗੈਰ-ਸਰਕਾਰੀ ਮੈਂਬਰ ਨੂੰ ਵੀ ਜਾਂਚ ਵਿੱਚ ਸ਼ਾਮਲ ਕਰਨ ਦੇ ਨਿਰਦੇਸ਼ ਦਿੱਤੇ। ਮੀਟਿੰਗ ਵਿੱਚ ਨਾਜਾਇਜ਼ ਸ਼ਰਾਬ ਅਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਸਬੰਧਤ ਸ਼ਿਕਾਇਤਾਂ ਦਾ ਵੀ ਨਿਬੇੜਾ ਕੀਤਾ ਗਿਆ। ਇਸ ਮੌਕੇ ਐੱਸ ਪੀ ਕੁਲਦੀਪ ਸਿੰਘ, ਐੱਸ ਡੀ ਐੱਮ ਸਤਿਆਵਾਨ ਸਿੰਘ ਮਾਨ, ਪੁਲਕਿਤ ਮਲਹੋਤਰਾ, ਜਗਦੀਸ਼ ਚੰਦਰ, ਦਲਜ਼ੀਤ ਸਿੰਘ ਤੇ ਹੋਰ ਹਾਜ਼ਰ ਸਨ।
