ਖੇਤਾਂ ਵਿੱਚ ਲਟਕਦੀਆਂ ਬਿਜਲੀ ਤਾਰਾਂ ਕਾਰਨ ਹਾਦਸੇ ਦਾ ਖ਼ਦਸ਼ਾ
ਝੋਨੇ ਦੀ ਲੁਆਈ ਹੋਈ ਮੁਸ਼ਕਲ; ਵਾਰ ਵਾਰ ਸ਼ਿਕਾਇਤਾਂ ਦੇ ਬਾਵਜੂਦ ਨਹੀਂ ਹੋਈ ਕਾਰਵਾਈ
ਬਾਬੈਨ ਦੇ ਪਿੰਡ ਬਰਗਟ ਜਾਟਾਨ ਦੇ ਖੇਤਾਂ ਵਿੱਚ ਪਿਛਲੇ ਦੋ ਮਹੀਨਿਆਂ ਤੋਂ 11 ਕੇ ਵੀ ਬਿਜਲੀ ਦੀਆਂ ਤਾਰਾਂ ਲਟਕਣ ਕਾਰਨ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਨੀਵੀਆਂ ਤਾਰਾਂ ਪਿੰਡ ਵਾਸੀਆਂ ਲਈ ਗੰਭੀਰ ਖ਼ਤਰਾ ਬਣੀਆਂ ਹੋਈਆਂ ਹਨ ਅਤੇ ਕਿਸੇ ਵੇਲੇ ਵੀ ਕੋਈ ਵੱਡਾ ਹਾਦਸਾ ਹੋਣ ਦਾ ਖ਼ਦਸ਼ਾ ਬਣਿਆ ਹੋਇਆ ਹੈ। ਪਿੰਡ ਵਾਸੀ, ਕਿਸਾਨ ਅਤੇ ਪਸ਼ੂ ਪਾਲਕ ਇਨ੍ਹਾਂ ਨੀਵੀਆਂ ਤਾਰਾਂ ਹੇਠੋਂ ਲੰਘਣ ਲਈ ਮਜਬੂਰ ਹਨ। ਪਿੰਡ ਦੇ ਕਿਸਾਨਾਂ ਸੰਜੀਵ ਪੂਨੀਆ, ਰਮੇਸ਼ ਕੁਮਾਰ, ਸੌਰਭ ਸ਼ਰਮਾ, ਪ੍ਰੇਮ ਚੰਦ, ਰਾਮ ਕਿਸ਼ਨ ਅਤੇ ਸੋਮ ਨਾਥ ਨੇ ਕਿਹਾ ਕਿ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਵਾਰ-ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ, ਜਿਸ ਨਾਲ ਵਿਭਾਗ ਦੀ ਕਾਰਜ ਪ੍ਰਣਾਲੀ ’ਤੇ ਸਵਾਲ ਖੜ੍ਹੇ ਹੋ ਰਹੇ ਹਨ।
ਪਿੰਡ ਵਾਸੀਆਂ ਅਨੁਸਾਰ ਅੱਜਕੱਲ੍ਹ ਖੇਤਾਂ ਵਿੱਚ ਝੋਨਾ ਲਗਾਇਆ ਜਾ ਰਿਹਾ ਹੈ ਅਤੇ ਟਰੈਕਟਰ, ਹਾਰਵੈਸਟਰ ਸਮੇਤ ਹੋਰ ਖੇਤੀਬਾੜੀ ਮਸ਼ੀਨਰੀ ਲਗਾਤਾਰ ਚੱਲ ਰਹੀ ਹੈ। ਨਤੀਜੇ ਵਜੋਂ ਨੀਵੀਆਂ ਲਟਕਦੀਆਂ ਬਿਜਲੀ ਦੀਆਂ ਤਾਰਾਂ ਕਿਸਾਨਾਂ ਲਈ ਵੱਡੀ ਮੁਸ਼ਕਿਲ ਪੈਦਾ ਕਰ ਰਹੀਆਂ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜੇ ਇਹ ਤਾਰਾਂ ਕਿਸੇ ਕਾਰਨ ਕਰਕੇ ਟੁੱਟ ਕੇ ਜ਼ਮੀਨ ’ਤੇ ਡਿੱਗ ਪੈਂਦੀਆਂ ਹਨ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ, ਜਿਸ ਕਾਰਨ ਜਾਨ-ਮਾਲ ਦਾ ਭਾਰੀ ਨੁਕਸਾਨ ਹੋਣ ਦਾ ਡਰ ਬਣਿਆ ਹੋਇਆ ਹੈ।
ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੇ ਸਥਾਨਕ ਬਿਜਲੀ ਨਿਗਮ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵਾਰ-ਵਾਰ ਸੂਚਿਤ ਕੀਤਾ ਹੈ ਪਰ ਹਰ ਵਾਰ ਉਨ੍ਹਾਂ ਨੂੰ ਸਿਰਫ਼ ਭਰੋਸਾ ਹੀ ਮਿਲਿਆ ਹੈ। ਦੋ ਮਹੀਨੇ ਬੀਤ ਜਾਣ ਦੇ ਬਾਅਦ ਵੀ ਨਾ ਤਾਂ ਤਾਰਾਂ ਉੱਚੀਆਂ ਕੀਤੀਆਂ ਗਈਆਂ ਅਤੇ ਨਾ ਹੀ ਖੰਭਾ ਲਗਾਇਆ ਗਿਆ। ਪਿੰਡ ਵਾਸੀਆਂ ਅਨੁਸਾਰ ਬਿਜਲੀ ਵਿਭਾਗ ਸ਼ਾਇਦ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਿਹਾ ਹੈ। ਜੇ ਇਸ ਲਾਪਰਵਾਹੀ ਦਾ ਤੁਰੰਤ ਹੱਲ ਨਾ ਕੀਤਾ ਗਿਆ ਤਾਂ ਕਿਸੇ ਵੀ ਦਿਨ ਕਿਸੇ ਵਿਅਕਤੀ ਜਾਂ ਜਾਨਵਰ ਦੀ ਜਾਨ ਜਾ ਸਕਦੀ ਹੈ।
ਪਿੰਡ ਵਾਸੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਜਲਦੀ ਹੀ ਕੋਈ ਹੱਲ ਨਾ ਕੱਢਿਆ ਗਿਆ ਤਾਂ ਉਹ ਬਿਜਲੀ ਵਿਭਾਗ ਅਤੇ ਪ੍ਰਸ਼ਾਸਨ ਖ਼ਿਲਾਫ਼ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ। ਉਨ੍ਹਾਂ ਮੰਗ ਕੀਤੀ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਬਿਜਲੀ ਨਿਗਮ ਦੇ ਉੱਚ ਅਧਿਕਾਰੀ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਅਤੇ ਸੰਭਾਵੀ ਹਾਦਸੇ ਨੂੰ ਰੋਕਣ ਲਈ ਤੁਰੰਤ ਇੱਕ ਤਕਨੀਕੀ ਟੀਮ ਭੇਜ ਕੇ ਲਟਕਦੀਆਂ 11 ਕੇ ਵੀ ਦੀਆਂ ਤਾਰਾਂ ਨੂੰ ਸੁਰੱਖਿਅਤ ਉਚਾਈ ਤੱਕ ਚੁੱਕਣ।
