Dabwali Bar Election: ਡੱਬਵਾਲੀ ਬਾਰ ਐਸੋਸੀਏਸ਼ਨ ਦੀ ਪ੍ਰਧਾਨਗੀ ਦੀ ਚੋਣ ‘ਡਰਾਅ’
ਰਾਜਪਾਲ ਸਿੱਧੂ ਅਤੇ ਕਾਲੀ ਦੇਵੀ ਨੂੰ ਮਿਲੇ 126-126 ਵੋਟ; 6-6 ਮਹੀਨੇ ਕਰਨਗੇ ਪ੍ਰਧਾਨਗੀ; ਪਹਿਲੀ ਵਾਰ ਮਹਿਲਾ ਵਕੀਲ ਬਣੇਗੀ ਬਾਰ ਐਸੋਸੀਏਸ਼ਨ ਡੱਬਵਾਲੀ ਦੀ ਪ੍ਰਧਾਨ
Dabwali Bar Election: ਬਾਰ ਐਸੋਸੀਏਸ਼ਨ ਡੱਬਵਾਲੀ ਦੇ ਪ੍ਰਧਾਨਗੀ ਅਹੁਦੇ ਦੀ ਫਸਵੀਂ ਚੋਣ ਵਿੱਚ ਦੋਵੇਂ ਉਮੀਦਵਾਰਾਂ ਨੂੰ ਬਰਾਬਰ ਵੋਟਾਂ ਮਿਲੀਆਂ ਤੇ ਨਤੀਜਾ ‘ਡਰਾਅ’ ਰਿਹਾ।
ਸੀਨੀਅਰ ਵਕੀਲ ਰਾਜਪਾਲ ਸਿੰਘ ਸਿੱਧੂ ਅਤੇ ਕਾਲੀ ਦੇਵੀ ਨੂੰ 126-126 ਵੋਟਾਂ ਪਈਆਂ। ਇਸ ਉਪਰੰਤ ਵਕੀਲ ਭਾਈਚਾਰੇ ਦੀ ਆਪਸੀ ਸਹਿਮਤੀ ਨਾਲ ਦੋਵਾਂ ਨੂੰ ਛੇ-ਛੇ ਮਹੀਨੇ ਲਈ ਪ੍ਰਧਾਨਗੀ ਦੀ ਜ਼ਿੰਮੇਵਾਰੀ ਸੌਂਪਣ ਦਾ ਫ਼ੈਸਲਾ ਲਿਆ ਗਿਆ।
ਫ਼ੈਸਲੇ ਮੁਤਾਬਕ ਰਾਜਪਾਲ ਸਿੰਘ ਸਿੱਧੂ ਪਹਿਲੇ ਛੇ ਮਹੀਨੇ ਬਾਰ ਐਸੋਸੀਏਸ਼ਨ ਦੀ ਕਮਾਨ ਸੰਭਾਲਣਗੇ, ਜਦਕਿ ਉਨ੍ਹਾਂ ਮਗਰੋਂ ਕਾਲੀ ਦੇਵੀ ਅਗਾਮੀ ਛੇ ਮਹੀਨਿਆਂ ਲਈ ਪ੍ਰਧਾਨ ਰਹਿਣਗੇ। ਡੱਬਵਾਲੀ ਬਾਰ ਦੇ ਇਤਿਹਾਸ ਵਿੱਚ ਕਾਲੀ ਦੇਵੀ ਪਹਿਲੀ ਮਹਿਲਾ ਵਕੀਲ ਪ੍ਰਧਾਨ ਹੋਣਗੇ। ਜ਼ਿਕਰਯੋਗ ਹੈ ਕਿ ਕਾਲੀ ਦੇਵੀ ਇਸ ਤੋਂ ਪਹਿਲਾਂ ਸਾਲ 2020-21 ਵਿੱਚ ਬਾਰ ਦੀ ਮੀਤ ਪ੍ਰਧਾਨ ਵੀ ਰਹਿ ਚੁੱਕੇ ਹਨ।
ਇਸ ਤੋਂ ਇਲਾਵਾ ਵਧੀਕ ਉਪ-ਪ੍ਰਧਾਨ ਦੇ ਅਹੁਦੇ ਲਈ ਹੋਈ ਚੋਣ ਵਿੱਚ ਰੁਖ਼ਸਾਰ ਖ਼ਾਨ ਨੇ 131 ਵੋਟਾਂ ਹਾਸਲ ਕਰਕੇ ਸ਼ੀਲਾ ਮਹਾਂਰੁਦਰ (121 ਵੋਟਾਂ) ਨੂੰ ਹਰਾਇਆ। ਡੱਬਵਾਲੀ ਬਾਰ ਵਿੱਚ ਕੁੱਲ 266 ਵੋਟਾਂ ਵਿੱਚੋਂ ਸਿਰਫ਼ 29 ਵੋਟਾਂ ਹੀ ਮਹਿਲਾ ਵਕੀਲਾਂ ਦੀਆਂ ਹਨ, ਇਸ ਦੇ ਬਾਵਜੂਦ ਮਹਿਲਾਵਾਂ ਨੇ ਆਪਣੀ ‘ਚੁਣਾਵੀ’ ਸ਼ਕਤੀ ਦਿਖਾਈ।
ਚੋਣ ਅਧਿਕਾਰੀ ਸੀਨੀਅਰ ਵਕੀਲ ਕੁਲਵੰਤ ਸਿੰਘ ਸਿੱਧੂ ਅਤੇ ਸੁਖਜਿੰਦਰ ਸਿੰਘ ਸਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਰ ਐਸੋਸੀਏਸ਼ਨ ਦੇ ਕੁੱਲ ਮੈਂਬਰਾਂ ਵਿੱਚੋਂ 252 ਵਕੀਲਾਂ ਦੀਆਂ ਵੋਟਾਂ ਭੁਗਤੀਆਂ। ਉਨ੍ਹਾਂ ਦੱਸਿਆ ਕਿ ਅਮਰ ਸਿੰਘ ਸਹਾਰਨ ਨੂੰ ਉਪ ਪ੍ਰਧਾਨ, ਮਨਦੀਪ ਸਿੰਘ ਮਾਨ ਨੂੰ ਸਕੱਤਰ ਅਤੇ ਪੂਨਮ ਨੂੰ ਆਡੀਟਰ ਪਹਿਲਾਂ ਹੀ ਬਿਨਾਂ ਮੁਕਾਬਲਾ (ਨਿਰਵਿਰੋਧ) ਚੁਣਿਆ ਜਾ ਚੁੱਕਿਆ ਹੈ।

