ਪੱਤਰ ਪ੍ਰੇਰਕ
ਡੱਬਵਾਲੀ, 18 ਸਤੰਬਰ
ਨਗਰ ਪਰਿਸ਼ਦ ਡੱਬਵਾਲੀ ਦੇ ਵਿਕਾਸ ਕਾਰਜਾਂ ਦੀ ਅਦਾਇਗੀ ਲਈ ਪੇਮੈਂਟ ਕਮੇਟੀ ਦੀਆਂ ਚੋਣਾਂ ਵਿੱਚ ਭਾਜਪਾ ਤੇ ਜਜਪਾ ਨੇ ਆਪੋ-ਆਪਣਾ ਵਜੂਦ ਸਾਬਤ ਕਰ ਵਿਖਾਇਆ। ਜਦਕਿ ਅੰਦਰੂਨੀ ਕਲੇਸ਼ ਕਰਕੇ ਕਾਂਗਰਸ ਹਾਰ ਗਈ। ਵਾਰਡ 11 ਤੋਂ ਭਾਜਪਾ ਕੌਂਸਲਰ ਸੰਤੋਸ਼ ਕੁਮਾਰੀ ਅਤੇ ਵਾਰਡ ਪੰਜ ਤੋਂ ਜਜਪਾ ਕੌਂਸਲਰ ਅਮਰਨਾਥ ਬਾਗੜੀ ਜੇਤੂ ਰਹੇ। ਚੋਣ ਕਾਰਜ ਨਗਰ ਪਰਿਸ਼ਦ ਈ.ਓ. ਸੁਰਿੰਦਰ ਕੁਮਾਰ ਦੀ ਨਿਗਰਾਨੀ ਵਿੱਚ ਹੋਇਆ। ਇਸ ਦੌਰਾਨ ਸਾਰੇ 21 ਕੌਂਸਲਰਾਂ ਅਤੇ ਚੇਅਰਪਰਸਨ ਸਮੇਤ ਕੁੱਲ 22 ਵੋਟਾਂ ’ਤੇ ਆਧਾਰਿਤ ਚੋਣ ਪ੍ਰਕਿਰਿਆ ਵਿੱਚ ਵਾਰਡ 11 ਤੋਂ ਭਾਜਪਾ ਕੌਂਸਲਰ ਸੰਤੋਸ਼ ਕੁਮਾਰੀ ਸਭ ਤੋਂ ਵੱਧ ਅੱਠ ਵੋਟਾਂ ਨਾਲ ਜੇਤੂ ਰਹੇ। ਜਦੋਂ ਕਿ ਵਾਰਡ 2 ਤੋਂ ਕਾਂਗਰਸ ਪੱਖੀ ਕੌਂਸਲਰ ਦੀਪਕ ਬਾਬਾ ਅਤੇ ਵਾਰਡ 5 ਤੋਂ ਜਜਪਾ ਕੌਂਸਲਰ ਅਮਰਨਾਥ ਬਾਗੜੀ ਨੂੰ ਬਰਾਬਰ 6-6 ਵੋਟ ਮਿਲੇ। ਡਰਾਅ ਮੁਕਾਬਲੇ ਵਿੱਚ ਕਿਸਮਤ ਦੀ ਪੂੜੀ ਨੇ ਜਜਪਾ ਦੇ ਅਮਰਨਾਥ ਬਾਗੜੀ ਦਾ ਸਾਥ ਦਿੱਤਾ। ਕਾਂਗਰਸ ਪੱਖੀ ਦੂਜੇ ਉਮੀਦਵਾਰ ਵਾਰਡ 7 ਤੋਂ ਕੌਂਸਲਰ ਸਮਨਦੀਪ ਬਰਾੜ ਨੂੰ ਮਹਿਜ਼ ਦੋ ਵੋਟ ਮਿਲ ਸਕੇ। ਨਗਰ ਪ੍ਰੀਸ਼ਦ ਵਿੱਚ ਗਿਣਤੀ ਜ਼ੋਰ ਅੱਠ ਹੋਣ ਦੇ ਬਾਵਜੂਦ ਹੁੱਡਾ ਬਨਾਮ ਕੁਮਾਰੀ ਸ਼ੈਲਜਾ ਧੜਿਆਂ ’ਚ ਵੰਡੀ ਕਾਂਗਰਸ ਦੇ ਕੌਂਸਲਰ ਦੀਪਕ ਬਾਬਾ ਅਤੇ ਕਾਂਗਰਸ ਪੱਖੀ ਕੌਂਲਸਰ ਸਮਨਦੀਪ ਬਰਾੜ ਬਰਾਬਰ ਡਟ ਗਏ। ਜਿਸ ਦੇ ਕਰਕੇ ਕਾਂਗਰਸ ਨੂੰ ਮੂੰਹ ਦੀ ਖਾਣੀ ਪਈ। ਕੁਮਾਰੀ ਸ਼ੈਲਜਾ ਧੜੇ ਦੇ ਕਾਂਗਰਸ ਆਗੂ ਜੱਗਾ ਸਿੰਘ ਬਰਾੜ ਅੇ ਛੋਟੂ ਰਾਮ ਸਹਾਰਨ ਵੀ ਨਗਰ ਪ੍ਰੀਸ਼ਦ ਕੰਪਲੈਕਸ ਵਿੱਚ ਮੌਜੂਦ ਸਨ। ਜੱਗਾ ਸਿੰਘ ਬਰਾੜ ਨੇ ਕਿਹਾ ਕਿ ਉਨ੍ਹਾਂ ਨਾਲ ਕਿਸੇ ਨੇ ਸੰਪਰਕ ਨਹੀਂ ਕੀਤਾ।