ਰਾਜ ਸਭਾ ਚੋਣਾਂ ’ਚ Cross Voting: ਪੰਜ ਬਾਗੀ ਵਿਧਾਇਕਾਂ ’ਤੇ ਕਾਰਵਾਈ ਲਈ 3 ਅਪਰੈਲ ਨੂੰ ਹੋਵੇਗੀ ਕਾਂਗਰਸ ਦੀ ਅਹਿਮ ਮੀਟਿੰਗ
ਧਰਮਪਾਲ ਮਲਿਕ ਦੀ ਪ੍ਰਧਾਨਗੀ ਹੇਠ ਅਨੁਸ਼ਾਸਨੀ ਕਮੇਟੀ ਲਵੇਗੀ ਫੈਸਲਾ; ਵਿਧਾਇਕਾਂ ਦੀ ਪਾਰਟੀ ਤੋਂ ਛੁੱਟੀ ਹੋਣ ਦੀ ਸੰਭਾਨਵਾਂ
ਹਰਿਆਣਾ ਕਾਂਗਰਸ ਦੀ ਅਨੁਸ਼ਾਸਨੀ ਕਾਰਵਾਈ ਕਮੇਟੀ ਨੇ ਰਾਜ ਸਭਾ ਚੋਣਾਂ ਦੌਰਾਨ ਭਾਜਪਾ ਸਮਰਥਿਤ ਆਜ਼ਾਦ ਉਮੀਦਵਾਰ ਸਤੀਸ਼ ਨਾਂਦਲ ਦੇ ਹੱਕ ਵਿੱਚ ਕ੍ਰਾਸ-ਵੋਟਿੰਗ (Cross Voting) ਕਰਨ ਵਾਲੇ ਆਪਣੇ ਪੰਜ ਵਿਧਾਇਕਾਂ ਵਿਰੁੱਧ ਸਖ਼ਤ ਰੁਖ਼ ਅਖਤਿਆਰ ਕਰ ਲਿਆ ਹੈ। ਧਰਮਪਾਲ ਮਲਿਕ ਦੀ ਪ੍ਰਧਾਨਗੀ ਹੇਠ 3 ਅਪਰੈਲ ਨੂੰ ਚੰਡੀਗੜ੍ਹ ਵਿਖੇ ਹੋਣ ਵਾਲੀ ਇਸ ਮੀਟਿੰਗ ਵਿੱਚ ਵਿਧਾਇਕ ਸ਼ੈਲੀ ਚੌਧਰੀ, ਰੇਣੂ ਬਾਲਾ, ਜਰਨੈਲ ਸਿੰਘ, ਮੁਹੰਮਦ ਇਲਿਆਸ ਅਤੇ ਮੁਹੰਮਦ ਇਸਰਾਈਲ ਵਿਰੁੱਧ ਕਾਰਵਾਈ ਬਾਰੇ ਅੰਤਿਮ ਫੈਸਲਾ ਲਿਆ ਜਾਵੇਗਾ।
ਹਾਲਾਂਕਿ ਕਾਂਗਰਸੀ ਉਮੀਦਵਾਰ ਕਰਮਵੀਰ ਸਿੰਘ ਬੌਧ 28 ਵੋਟਾਂ ਨਾਲ ਜਿੱਤਣ ਵਿੱਚ ਸਫਲ ਰਹੇ, ਪਰ ਪਾਰਟੀ ਹਾਈਕਮਾਂਡ ਅਨੁਸ਼ਾਸਨਹੀਣਤਾ ਨੂੰ ਲੈ ਕੇ ਗੰਭੀਰ ਹੈ ਅਤੇ ਇਨ੍ਹਾਂ ਵਿਧਾਇਕਾਂ ਨੂੰ ਪਾਰਟੀ ਵਿੱਚੋਂ ਕੱਢਣ ਵਰਗੀ ਸਖ਼ਤ ਸਜ਼ਾ ਦਿੱਤੀ ਜਾ ਸਕਦੀ ਹੈ।
ਪਾਰਟੀ ਸੂਤਰਾਂ ਅਨੁਸਾਰ, ਜਿੱਥੇ ਤਿੰਨ ਵਿਧਾਇਕਾਂ ਨੇ ਕ੍ਰਾਸ-ਵੋਟਿੰਗ ਦੇ ਦੋਸ਼ਾਂ ਨੂੰ ਨਕਾਰਿਆ ਹੈ, ਉੱਥੇ ਹੀ ਮੁਹੰਮਦ ਇਸਰਾਈਲ ਨੇ ਜਨਤਕ ਤੌਰ ’ਤੇ ਮੰਨਿਆ ਹੈ ਕਿ ਉਨ੍ਹਾਂ ਨੇ ਆਪਣੀ “ਜ਼ਮੀਰ ਦੀ ਆਵਾਜ਼’ ’ਤੇ ਆਜ਼ਾਦ ਉਮੀਦਵਾਰ ਨੂੰ ਵੋਟ ਪਾਈ ਹੈ। ਦੂਜੇ ਪਾਸੇ, ਮੁਹੰਮਦ ਇਲਿਆਸ ਦੀ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਮੁਲਾਕਾਤ ਨੇ ਵੀ ਪਾਰਟੀ ਅੰਦਰ ਹਲਚਲ ਤੇਜ਼ ਕਰ ਦਿੱਤੀ ਹੈ। ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਜਿਨ੍ਹਾਂ ਨੇ ਵੋਟਿੰਗ ਦੌਰਾਨ ਬੈਲਟ ਪੇਪਰਾਂ ਦੀ ਨਿਗਰਾਨੀ ਕੀਤੀ ਸੀ, ਪਹਿਲਾਂ ਹੀ ਇਨ੍ਹਾਂ ਵਿਧਾਇਕਾਂ ਵਿਰੁੱਧ ਸ਼ਿਕਾਇਤ ਕਰ ਚੁੱਕੇ ਹਨ। ਕਮੇਟੀ ਆਪਣੀ ਰਿਪੋਰਟ ਪਾਰਟੀ ਹਾਈਕਮਾਂਡ ਨੂੰ ਸੌਂਪੇਗੀ, ਜਿਸ ਤੋਂ ਬਾਅਦ ਇਨ੍ਹਾਂ ਵਿਧਾਇਕਾਂ ਦੇ ਸਿਆਸੀ ਭਵਿੱਖ ਦਾ ਫੈਸਲਾ ਹੋਵੇਗਾ।

