ਮਹਿੰਦਰਗੜ੍ਹ ਵਿੱਚ ਇੱਕ ਹਾਲੀਆ ਸਮਾਗਮ ਦੌਰਾਨ ਅਜੈ ਚੌਟਾਲਾ ਵੱਲੋਂ ਦਿੱਤੇ ਗਏ ਇੱਕ ਵਿਵਾਦਤ ਬਿਆਨ ਦੀ ਆਲੋਚਨਾ ਸ਼ੁਰੂ ਹੋ ਗਈ ਹੈ। ਆਪਣੇ ਭਾਸ਼ਣ ਵਿੱਚ ਅਜੈ ਚੌਟਾਲਾ ਨੇ ਕਥਿਤ ਤੌਰ ‘ਤੇ ਗੁਆਂਢੀ ਦੇਸ਼ਾਂ ਵਿੱਚ ਹਿੰਸਕ ਘਟਨਾਵਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਸੀ ਕਿ ਇੱਥੇ ਵੀ ਉਸੇ ਤਰ੍ਹਾਂ ਦੇ ਵਿਰੋਧ ਪ੍ਰਦਰਸ਼ਨ ਜ਼ਰੂਰੀ ਹੋਣਗੇ। ਉਨ੍ਹਾਂ ਕਿਹਾ ਸੀ ਕਿ ਸ਼ਾਸਕਾਂ ਨੂੰ ਸਿਰਫ਼ ਗੱਦੀਓਂ ਲਾਹੁਣ ਦੀ ਬਜਾਏ, ਉਨ੍ਹਾਂ ਨੂੰ ਸੜਕਾਂ ‘ਤੇ ਭਜਾਉਣਾ ਤੇ ਕੁੱਟਣਾ ਪਵੇਗਾ, ਤਾਂ ਜੋ ਉਨ੍ਹਾਂ ਨੂੰ ਦੇਸ਼ ਛੱਡਣ ਲਈ ਮਜਬੂਰ ਕੀਤਾ ਜਾ ਸਕੇ।
ਇਸ ਬਿਆਨ ਨੂੰ ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਕਾਨੂੰਨ ਵਿਵਸਥਾ ਲਈ ਖ਼ਤਰਾ ਦੱਸਦਿਆਂ ਸਮਾਜਿਕ ਕਾਰਕੁੰਨ ਰਾਜੀਵ ਗੂੜੀ ਨੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਬਿਆਨ ਨਾ ਸਿਰਫ਼ ਸਮਾਜ ਵਿੱਚ ਨਫ਼ਰਤ ਅਤੇ ਹਿੰਸਾ ਨੂੰ ਉਤਸ਼ਾਹਿਤ ਕਰਦੇ ਹਨ, ਬਲਕਿ ਨੌਜਵਾਨਾਂ ਨੂੰ ਵੀ ਗੁੰਮਰਾਹ ਕਰਦੇ ਹਨ। ਰਾਜੀਵ ਗੂੜੀ ਨੇ ਕਿਹਾ ਕਿ ਭਾਰਤ ਇੱਕ ਲੋਕਤੰਤਰੀ ਦੇਸ਼ ਹੈ, ਜਿੱਥੇ ਸੱਤਾ ਤਬਦੀਲੀ ਦਾ ਰਸਤਾ ਸੰਵਿਧਾਨ ਅਤੇ ਚੋਣਾਂ ਰਾਹੀਂ ਨਿਰਧਾਰਤ ਹੁੰਦਾ ਹੈ, ਨਾ ਕਿ ਹਿੰਸਾ ਜਾਂ ਅਰਾਜਕਤਾ ਰਾਹੀਂ। ਉਨ੍ਹਾਂ ਕਿਹਾ ਕਿ ਕਿਸੇ ਵੀ ਰਾਜਨੀਤਕ ਨੇਤਾ ਵੱਲੋਂ ਅਜਿਹੀ ਭਾਸ਼ਾ ਦੀ ਵਰਤੋਂ ਬਹੁਤ ਹੀ ਮੰਦਭਾਗੀ ਹੈ। ਗੁਆਂਢੀ ਦੇਸ਼ਾਂ ਦੀਆਂ ਹਿੰਸਕ ਘਟਨਾਵਾਂ ਨੂੰ ਉਦਾਹਰਨ ਵਜੋਂ ਪੇਸ਼ ਕਰਨਾ ਦੇਸ਼ ਦੀ ਸ਼ਾਂਤੀ ਅਤੇ ਏਕਤਾ ਲਈ ਨੁਕਸਾਨਦੇਹ ਹੈ। ਗੂੜੀ ਅਨੁਸਾਰ ਜ਼ਿੰਮੇਵਾਰ ਅਹੁਦਿਆਂ ‘ਤੇ ਬੈਠੇ ਲੋਕਾਂ ਨੂੰ ਆਪਣੇ ਸ਼ਬਦਾਂ ਦੀ ਮਰਿਆਦਾ ਨੂੰ ਸਮਝਣਾ ਚਾਹੀਦਾ ਹੈ।
ਰਾਜੀਵ ਗੂੜੀ ਨੇ ਮੰਗ ਕੀਤੀ ਕਿ ਪ੍ਰਸ਼ਾਸਨ ਅਜਿਹੇ ਭੜਕਾਊ ਬਿਆਨਾਂ ਦਾ ਨੋਟਿਸ ਲਵੇ ਤੇ ਲੋਕਤੰਤਰੀ ਪ੍ਰਣਾਲੀ ਨੂੰ ਕਮਜ਼ੋਰ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇ।

