Cricket: ਅਜੰਤਾ ਵਾਰੀਅਰਜ਼ ਨੇ Master Premier League ਜਿੱਤੀ
ਯੇਸ਼ਵ ਨਾਈਟ ਰਾਈਡਰਜ਼ ਨੂੰ 10 ਵਿਕਟਾਂ ਨਾਲ ਹਰਾਇਆ; ਬੁੱਗੀ ਰਤੀਆ ਨੇ 10 ਗੇਂਦਾਂ ’ਚ 43 ਦੌੜਾਂ ਜਡ਼ੀਆਂ
ਮਾਸਟਰ ਪ੍ਰੀਮੀਅਰ ਲੀਗ (ਐੱਮ ਪੀ ਐੱਲ) ਰਤੀਆ ਤਹਿਤ ਖੇਡੇ ਗਏ ਰੋਮਾਂਚਕ ਮੁਕਾਬਲੇ ਵਿੱਚ ਅਜੰਤਾ ਵਾਰੀਅਰਜ਼ ਨੇ ਸ਼ਾਨਦਾਰ ਖੇਡ ਦਿਖਾਉਂਦਿਆਂ ਯੇਸ਼ਵ ਨਾਈਟ ਰਾਈਡਰਜ਼ ਨੂੰ 10 ਵਿਕਟਾਂ ਨਾਲ ਮਾਤ ਦਿੱਤੀ। ਮੈਚ ਦੀ ਸ਼ੁਰੂਆਤ ਵਿੱਚ ਯੇਸ਼ਵ ਨਾਈਟ ਰਾਈਡਰਜ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ, ਪਰ ਅਜੰਤਾ ਵਾਰੀਅਰਜ਼ ਦੇ ਗੇਂਦਬਾਜ਼ਾਂ ਨੇ ਇਸ ਫੈਸਲੇ ਨੂੰ ਗਲਤ ਸਾਬਤ ਕਰ ਦਿੱਤਾ। ਨਾਈਟ ਰਾਈਡਰਜ਼ ਦੀ ਸ਼ੁਰੂਆਤ ਕਾਫੀ ਮੱਧਮ ਰਹੀ ਅਤੇ ਲਗਾਤਾਰ ਵਿਕਟਾਂ ਡਿੱਗਣ ਕਾਰਨ ਟੀਮ ਦਬਾਅ ਹੇਠ ਆ ਗਈ। ਬਬਲੂ ਰਤੀਆ ਨੇ ਇਕ ਪਾਸਾ ਸੰਭਾਲਦਿਆਂ 51 ਦੌੜਾਂ ਬਣਾਈਆਂ, ਪਰ ਦੂਜੇ ਪਾਸੇ ਤੋਂ ਕਿਸੇ ਵੀ ਬੱਲੇਬਾਜ਼ ਦਾ ਸਹਿਯੋਗ ਨਾ ਮਿਲਣ ਕਾਰਨ ਪੂਰੀ ਟੀਮ 18.1 ਓਵਰਾਂ ਵਿੱਚ 139 ਦੌੜਾਂ ਬਣਾ ਕੇ ਹੀ ਢੇਰ ਹੋ ਗਈ। ਅਜੰਤਾ ਵਾਰੀਅਰਜ਼ ਵੱਲੋਂ ਦੁਸ਼ਯੰਤ ਖਟਿਕ ਅਤੇ ਕਮਲਪ੍ਰੀਤ ਸਿੰਘ ਨੇ ਮਾਰੂ ਗੇਂਦਬਾਜ਼ੀ ਕਰਦਿਆਂ 3-3 ਵਿਕਟਾਂ ਹਾਸਲ ਕੀਤੀਆਂ।
140 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਅਜੰਤਾ ਵਾਰੀਅਰਜ਼ ਦੀ ਸ਼ੁਰੂਆਤ ਬੇਹਤਰੀਨ ਰਹੀ। ਸਲਾਮੀ ਬੱਲੇਬਾਜ਼ ਕ੍ਰਿਸ਼ ਮਰਾਠਾ ਨੇ 49 ਦੌੜਾਂ ਦੀ ਜ਼ਿੰਮੇਵਾਰਾਨਾ ਪਾਰੀ ਖੇਡੀ, ਜਦਕਿ ਹਿਮਾਂਸ਼ੂ ਨੇ 43 ਦੌੜਾਂ ਬਣਾ ਕੇ ਨਾਬਾਦ ਰਹਿੰਦਿਆਂ ਜਿੱਤ ਦਰਜ ਕੀਤੀ। ਮੈਚ ਦਾ ਸਭ ਤੋਂ ਯਾਦਗਾਰ ਪਲ ਬੁੱਗੀ ਰਤੀਆ ਦੀ ਤੂਫ਼ਾਨੀ ਬੱਲੇਬਾਜ਼ੀ ਰਿਹਾ, ਜਿਸ ਨੇ ਮਹਿਜ਼ 10 ਗੇਂਦਾਂ ਵਿੱਚ 43 ਦੌੜਾਂ ਬਣਾ ਕੇ ਮੈਚ ਕੁਝ ਹੀ ਮਿੰਟਾਂ ਵਿੱਚ ਖਤਮ ਕਰ ਦਿੱਤਾ। ਅਜੰਤਾ ਵਾਰੀਅਰਜ਼ ਨੇ 13.1 ਓਵਰਾਂ ਵਿੱਚ ਹੀ 143 ਦੌੜਾਂ ਬਣਾ ਕੇ ਬਿਨਾਂ ਕੋਈ ਵਿਕਟ ਗਵਾਏ ਇਤਿਹਾਸਕ ਜਿੱਤ ਦਰਜ ਕੀਤੀ। ਸ਼ਾਨਦਾਰ ਆਲਰਾਊਂਡ ਪ੍ਰਦਰਸ਼ਨ ਲਈ ਦੁਸ਼ਯੰਤ ਖਟਿਕ ਨੂੰ ‘ਮੈਨ ਆਫ ਦਿ ਮੈਚ’ ਐਲਾਨਿਆ ਗਿਆ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਸਾਬਕਾ ਸਰਪੰਚ ਹੈੱਪੀ ਸਿੰਘ ਅਤੇ ਪ੍ਰਸਿੱਧ ਸਾਹਿਤਕਾਰ ਨੈਬ ਸਿੰਘ ਮੰਢੇਰ ਨੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਖੇਡ ਮੇਲੇ ਨੌਜਵਾਨਾਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਵੱਡਾ ਮੰਚ ਸਾਬਤ ਹੁੰਦੇ ਹਨ। ਮੈਚ ਦੌਰਾਨ ਐੱਮ ਪੀ ਐੱਲ ਕਮੇਟੀ ਦੇ ਮੈਂਬਰ ਮਨਮੋਹਨ ਡੀ ਪੀ, ਮੋਨੂ ਡੀ ਪੀ, ਸੌਰਵ ਜਿੰਦਲ, ਗੋਲਡੀ ਜੀਓ, ਰਿੰਪੀ ਮਾਰੜੇ, ਸਤੀਸ਼ ਪਟਵਾਰੀ, ਲਵਦੀਪ ਮਾਨ, ਮੋਹਨ ਸੈਣੀ, ਸੁਰਿੰਦਰ ਚੌਹਾਨ, ਰਾਬਿਨ ਸੁਖੀਜਾ, ਅਵਤਾਰ ਸ਼ਰਮਾ ਅਤੇ ਅਮਨ ਅਰੋੜਾ ਨੇ ਪ੍ਰਬੰਧਾਂ ਨੂੰ ਬਾਖ਼ੂਬੀ ਨਿਭਾਇਆ।

