ਪੱਤਰ ਪ੍ਰੇਰਕ
ਪਿਹੋਵਾ, 31 ਜਨਵਰੀ
ਨਵਨਿਯੁਕਤ ਜ਼ਿਲ੍ਹਾ ਪਰਿਸ਼ਦ ਚੇਅਰਮੈਨ ਕੰਵਲਜੀਤ ਕੌਰ ਗੁਮਥਲਾ ਨੇ ਕਿਹਾ ਕਿ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਉਨ੍ਹਾਂ ਦੀ ਪਹਿਲ ਹੋਵੇਗੀ| ਉਨ੍ਹਾਂ ਕਿਹਾ ਕਿ ਪਿੰਡਾਂ ਦਾ ਵਿਕਾਸ ਸਰਕਾਰ ਦੇ ਮੁੱਖ ਏਜੰਡੇ ਵਿੱਚ ਸ਼ਾਮਲ ਹੈ। ਪਿੰਡਾਂ ਨੂੰ ਸਹੂਲਤਾਂ ਦੇਣ ਲਈ ਜਲਦੀ ਹੀ ਸਾਰੇ ਜ਼ਿਲ੍ਹਾ ਕੌਂਸਲਰਾਂ ਨਾਲ ਮੀਟਿੰਗ ਕੀਤੀ ਜਾਵੇਗੀ। ਨਵੀਂ ਚੁਣੀ ਚੇਅਰਪਰਸਨ ਕੰਵਲਜੀਤ ਕੌਰ ਅਹੁਦਾ ਸੰਭਾਲਣ ਉਪਰੰਤ ਸਿੰਜਾਈ ਵਿਭਾਗ ਦੇ ਰੈਸਟ ਹਾਊਸ ਵਿੱਚ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਕੌਂਸਲਰਾਂ ਅਤੇ ਭਾਜਪਾ ਵਰਕਰਾਂ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਨਗਰ ਕੌਂਸਲ ਦੇ ਪ੍ਰਧਾਨ ਆਸ਼ੀਸ਼ ਚੱਕਰਪਾਣੀ ਨੇ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਚੇਅਰਪਰਸਨ ਦੇ ਅਹਿਮ ਅਹੁਦੇ ‘ਤੇ ਇਕ ਔਰਤ ਨੂੰ ਨਿਯੁਕਤ ਕਰਕੇ ਭਾਜਪਾ ਨੇ ਸਮੁੱਚੀ ਮਹਿਲਾ ਸ਼ਕਤੀ ਦਾ ਮਾਣ ਵਧਾਇਆ ਹੈ। ਉਨ੍ਹਾਂ ਕਿਹਾ ਕਿ ਇਲਾਕੇ ਨੂੰ ਜ਼ਿਲ੍ਹਾ ਪ੍ਰੀਸ਼ਦ ਦੀ ਕਮਾਨ ਮਿਲਣ ਤੋਂ ਬਾਅਦ ਰੁਕੇ ਹੋਏ ਵਿਕਾਸ ਕਾਰਜਾਂ ਨੂੰ ਤੇਜ਼ੀ ਮਿਲੇਗੀ। ਉਨ੍ਹਾਂ ਕਿਹਾ ਕਿ ਸੂਬੇ ਦੇ ਹਰ ਇਲਾਕੇ ਦਾ ਵਿਕਾਸ ਕਰਵਾਇਆ ਜਾਵੇਗਾ। ਸਮਾਜ ਸੇਵੀ ਡਾ. ਅਵਨੀਤ ਸਿੰਘ ਵੜੈਚ ਨੇ ਦੱਸਿਆ ਕਿ ਕੈਬਨਿਟ ਮੰਤਰੀ ਸੰਦੀਪ ਸਿੰਘ, ਸੰਸਦ ਮੈਂਬਰ ਨਾਇਬ ਸੈਣੀ, ਥਾਨੇਸਰ ਦੇ ਵਿਧਾਇਕ ਸੁਭਾਸ਼ ਸੁਧਾ ਦੇ ਯਤਨਾਂ ਸਦਕਾ ਇਲਾਕੇ ਨੂੰ ਇਹ ਮਾਣ ਮਿਲਿਆ ਹੈ | ਇਸ ਨਾਲ ਪੰਚਾਇਤਾਂ ਦੀ ਵੀ ਮਜ਼ਬੂਤੀ ਹੋਵੇਗੀ। ਇਸ ਮੌਕੇ ਮੰਡਲ ਪ੍ਰਧਾਨ ਰਾਕੇਸ਼ ਪੁਰੋਹਿਤ,ਕੌਂਸਲਰ ਜੈਪਾਲ ਕੌਸ਼ਿਕ, ਸੁਰਿੰਦਰ ਢੀਂਗਰਾ ਪੱਪੂ, ਰੋਕੀ ਸ਼ਰਮਾ ਅਤੇ ਪਰਮਜੀਤ ਸਿੰਘ ਆਦਿ ਹਾਜ਼ਰ ਸਨ।