ਪੱਤਰ ਪ੍ਰੇਰਕ
ਜੀਂਦ, 20 ਸਿਤੰਬਰ
ਜੀਂਦ ਜ਼ਿਲ੍ਹੇ ਵਿੱਚ ਕੱਲ੍ਹ ਸ਼ਾਮ ਮਿਲੀ ਰਿਪੋਰਟ ਅਨੁਸਾਰ ਕੋਵਿਡ-19 ਦੇ ਤਹਿਤ 33 ਨਵੇਂ ਮਰੀਜ਼ ਸਾਹਮਣੇ ਆਏ ਹਨ ਜਦਕਿ ਦੋ ਵਿਅਕਤੀਆਂ ਦੀ ਇਸ ਲਾਗ ਕਾਰਨ ਜਾਨ ਗਈ ਹੈ। ਮਰਨ ਵਾਲੇ ਦੋਵੇਂ ਮਰੀਜ਼ ਦਿਲ ਅਤੇ ਸ਼ੂਗਰ ਦੀ ਬਿਮਾਰੀ ਤੋਂ ਪੀੜਤ ਸਨ।
ਕੋਵਿਡ-19 ਦੇ ਨੋਡਲ ਅਧਿਕਾਰੀ ਅਤੇ ਡਿਪਟੀ ਸਿਵਿਲ ਸਰਜਨ ਡਾ. ਪਾਲੇ ਰਾਮ ਕਟਾਰੀਆ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ ਕਰੋਨਾ ਕਾਰਨ 24 ਲੋਕਾਂ ਦੀ ਜਾਨ ਜਾ ਚੁੱਕੀ ਹੈ। ਸ਼ਨਿਚਰਵਾਰ ਸ਼ਾਮ ਤੱਕ ਜ਼ਿਲ੍ਹੇ ਵਿੱਚ ਕੁੱਲ 33 ਪਾਜ਼ੇਟਿਵ ਕੇਸ ਮਿਲੇ ਹਨ, ਜਿਨ੍ਹਾਂ ਨੂੰ ਕੁਆਰੰਟਾਈਨ ਕਰਕੇ ਇਲਾਜ ਕੀਤਾ ਜਾ ਰਿਹਾ ਹੈ। ਨਵੇਂ 33 ਮਰੀਜ਼ ਮਿਲਣ ਨਾਲ ਹੁਣ ਜੀਂਦ ਜ਼ਿਲ੍ਹੇ ਵਿੱਚ ਕਰੋਨਾ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ 1,624 ਹੋ ਗਿਆ ਹੈ, ਜਿਨ੍ਹਾਂ ਵਿੱਚੋਂ 1,009 ਲੋਕੀਂ ਕਰੋਨਾ ਨੂੰ ਮਾਤ ਦੇ ਕੇ ਠੀਕ ਵੀ ਹੋ ਚੁੱਕੇ ਹਨ। ਉਨ੍ਹਾਂ ਨੇ ਦੱਸਿਆ ਕਿ ਜੀਂਦ ਜ਼ਿਲ੍ਹੇ ਵਿੱਚ ਇਸ ਸਮੇਂ 594 ਸਰਗਰਮ ਕੇਸ ਹਨ, ਜਿਨ੍ਹਾਂ ਨੂੰ ਜ਼ਿਲ੍ਹੇ ਦੇ 12 ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ।ਉਚਾਨਾ ਦੇ ਐੱਸ.ਡੀ.ਐੱਮ. ਰਾਜੇਸ਼ ਕੋਥ ਨੇ ਦੱਸਿਆ ਕਿ ਉਚਾਨਾ ਦੇ ਉਪ ਮੰਡਲ ਵਿੱਚ ਦੋ ਵਿਅਕਤੀ ਦੇ ਕਰੋਨਾ ਪਾਜ਼ੇਟਿਵ ਆਉਣ ਕਰਕੇ ਉਚਾਨਾ ਉਪ-ਮੰਡਲ ਭਵਨ 3 ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ। ਡਾ. ਪਾਲੇ ਰਾਮ ਕਟਾਰੀਆ ਨੇ ਦੱਸਿਆ ਕਿ ਅਗਸਤ ਮਹੀਨੇ ਤੱਕ ਕੇਵਲ 9 ਹੀ ਮੌਤਾਂ ਹੋਈਆਂ ਸਨ ਪਰ ਇਸ ਮਹੀਨੇ ਵਿੱਚ ਇਹ ਅੰਕੜਾ 24 ਤੱਕ ਪਹੁੰਚ ਗਿਆ ਹੈ।