
ਚੰਡੀਗੜ੍ਹ: ਹਰਿਆਣਾ ਵਿੱਚ ਕਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ ਵਧਣ ਕਾਰਨ ਸੂਬਾ ਸਰਕਾਰ ਨੇ ਪਾਬੰਦੀਆਂ ਦਾ ਘੇਰਾ ਵਧਾ ਦਿੱਤਾ ਹੈ। ਸੂਬੇ ਦੇ ਗੁਰੂਗ੍ਰਾਮ, ਫਰੀਦਾਬਾਦ, ਅੰਬਾਲਾ, ਪੰਚਕੂਲਾ ਅਤੇ ਸੋਨੀਪਤ ਦੇ ਸਾਰੇ ਸਿਨੇਮਾ ਘਰ, ਥੀਏਟਰ ਅਤੇ ਮਲਟੀਪਲੈਕਸ 12 ਜਨਵਰੀ ਸਵੇਰੇ 5 ਵਜੇ ਤੱਕ ਬੰਦ ਕਰ ਦਿੱਤੇ ਗਏ ਹਨ ਜਦਕਿ ਮਾਲ ਅਤੇ ਬਜ਼ਾਰਾਂ ਨੂੰ ਵੀ 5 ਵਜੇ ਤੱਕ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਇਹ ਹੁਕਮ ਹਰਿਆਣਾ ਦੇ ਮੁੱਖ ਸਕੱਤਰ ਸੰਜੀਵ ਕੌਸ਼ਲ ਨੇ ਜਾਰੀ ਕੀਤੇ ਹਨ ਜਿਨ੍ਹਾਂ ਐਮਰਜੈਂਸੀ ਸੇਵਾਵਾਂ ਛੱਡ ਕੇ ਸਰਕਾਰੀ ਅਤੇ ਨਿੱਜੀ ਦਫ਼ਤਰਾਂ ਵਿੱਚ 50 ਫ਼ੀਸਦੀ ਸਟਾਫ਼ ਸੱਦਣ ਦੇ ਆਦੇਸ਼ ਦਿੱਤੇ ਹਨ। ਬਾਰ ਅਤੇ ਰੈਸਟੋਰੈਂਟ ਨੂੰ ਵੀ 50 ਫ਼ੀਸਦੀ ਸਮਰੱਥਾ ਨਾਲ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ ਹੈ। ਇਸ ਤੋਂ ਇਲਾਵਾ ਜਨਤਕ ਥਾਵਾਂ ’ਤੇ ਆਵਾਜਾਈ ਲਈ ਮੁਕੰਮਲ ਟੀਕਾਕਰਨ ਲਾਜ਼ਮੀ ਕਰ ਦਿੱਤਾ ਗਿਆ ਹੈ।ਹਰਿਆਣਾ ਸਰਕਾਰ ਨੇ ਪੰਜ ਜ਼ਿਲ੍ਹਿਆਂ ਨੂੰ ਛੱਡ ਸਾਰੇ ਸੂਬੇ ਵਿੱਚ ਜਨਤਕ ਥਾਵਾਂ ’ਤੇ 100 ਜਣਿਆਂ ਦੇ ਇਕੱਠ ਅਤੇ ਸਿਨੇਮਾ ਘਰਾਂ ਨੂੰ 50 ਫ਼ੀਸਦੀ ਸਮਰੱਥਾ ਨਾਲ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ ਹੈ। ਸੂਬੇ ਵਿੱਚ ਸਕੂਲ, ਕਾਲਜ, ਆਈਟੀਆਈ ਤੇ ਆਂਗਣਵਾੜੀ ਕੇਂਦਰਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਜਦਕਿ ਵਿਆਹ ਤੇ ਸਸਕਾਰ ਸਮੇਂ 50 ਤੋਂ 100 ਜਣਿਆਂ ਦੇ ਇਕੱਠ ਨੂੰ ਹੀ ਪ੍ਰਵਾਨਗੀ ਦਿੱਤੀ ਹੈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ