ਰਤੀਆ ਦੇ ਪੁਰਾਣਾ ਬਾਜ਼ਾਰ ਸਥਿਤ ਪ੍ਰਾਚੀਨ ਗਊਸ਼ਾਲਾ ਦੀ ਉਸਾਰੀ ਅਤੇ ਮੁੜ ਖੋਲ੍ਹਣ ਨੂੰ ਲੈ ਕੇ ਦੋ ਗਊਸ਼ਾਲਾ ਕਮੇਟੀਆਂ ਵਿਚਾਲੇ ਵਿਵਾਦ ਖੜ੍ਹਾ ਹੋ ਗਿਆ ਹੈ। ਤਕਰੀਬਨ 60-70 ਸਾਲ ਪੁਰਾਣੀ ਇਸ ਗਊਸ਼ਾਲਾ ਨੂੰ ਇੱਕ ਕਮੇਟੀ ਵੱਲੋਂ ਦੁਬਾਰਾ ਖੋਲ੍ਹਣ ਦੇ ਫੈਸਲੇ ਤੋਂ ਬਾਅਦ ਜਗ੍ਹਾ ਦੀ ਮਾਲਕੀ ਅਤੇ ਪ੍ਰਬੰਧਨ ਨੂੰ ਲੈ ਕੇ ਦੂਜੀ ਕਮੇਟੀ ਨੇ ਇਤਰਾਜ਼ ਜਤਾਇਆ ਹੈ। ਸਥਿਤੀ ਤਣਾਅਪੂਰਨ ਹੁੰਦੀ ਦੇਖ ਸਥਾਨਕ ਪ੍ਰਸ਼ਾਸਨ ਹਰਕਤ ਵਿੱਚ ਆਇਆ।
ਏ ਐੱਸ ਪੀ ਅਤੇ ਐੱਸ ਡੀ ਐੱਮ ਸਮੇਤ ਭਾਰੀ ਪੁਲੀਸ ਫੋਰਸ ਮੌਕੇ ’ਤੇ ਪਹੁੰਚੀ ਅਤੇ ਦਸਤਾਵੇਜ਼ਾਂ ਦੀ ਜਾਂਚ ਕੀਤੀ। ਇਸ ਦੌਰਾਨ ਗਊਸ਼ਾਲਾ ਚਲਾ ਰਹੀ ਕਮੇਟੀ ਅਤੇ ਸਥਾਨਕ ਲੋਕਾਂ ਨੇ ਪ੍ਰਸ਼ਾਸਨ ਦੀ ਕਾਰਵਾਈ ’ਤੇ ਸਖ਼ਤ ਨਾਰਾਜ਼ਗੀ ਜਤਾਈ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਸ਼ਾਸਨ ਉਨ੍ਹਾਂ ਦੀ ਬੇਨਤੀ ਸੁਣਨ ਦੀ ਬਜਾਏ ਦੂਜੀ ਧਿਰ ਦਾ ਪੱਖ ਪੂਰ ਰਿਹਾ ਹੈ। ਰੋਹ ਵਿੱਚ ਆਏ ਲੋਕਾਂ ਨੇ ਐੱਸ ਡੀ ਐੱਮ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਕਮੇਟੀ ਮੈਂਬਰਾਂ ਅਤੇ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਇਹ ਜਗ੍ਹਾ ਬਹੁਤ ਪੁਰਾਣੀ ਗਊਸ਼ਾਲਾ ਹੈ। ਇੱਥੇ ਕੋਈ ਆਪਣਾ ਨਿੱਜੀ ਘਰ ਜਾਂ ਮਹਿਲ ਨਹੀਂ ਉਸਾਰ ਰਿਹਾ, ਸਗੋਂ ਗਊ ਸੇਵਾ ਵਰਗਾ ਪਵਿੱਤਰ ਕਾਰਜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਕੋਈ ਸੰਸਥਾ ਸਮਾਜ ਸੇਵਾ ਲਈ ਅੱਗੇ ਆਉਂਦੀ ਹੈ ਤਾਂ ਉਸ ਦਾ ਵਿਰੋਧ ਕਰਨਾ ਸਮਝ ਤੋਂ ਬਾਹਰ ਹੈ।
ਕਮੇਟੀ ਮੈਂਬਰਾਂ ਨੇ ਐਲਾਨ ਕੀਤਾ ਕਿ ਗਊਸ਼ਾਲਾ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਅਤੇ ਇਹ ਇੱਥੇ ਹੀ ਰਹੇਗੀ। ਮੌਕੇ ’ਤੇ ਇਕੱਠੇ ਹੋਏ ਸ਼ਹਿਰ ਵਾਸੀਆਂ ਨੇ ਵੀ ਇਸ ਕਾਰਜ ਦੀ ਹਮਾਇਤ ਕਰਦਿਆਂ ਕਿਹਾ ਕਿ ਗਊਸ਼ਾਲਾ ਦੀ ਮੁੜ ਉਸਾਰੀ ਸਮਾਜ ਲਈ ਇੱਕ ਸਕਾਰਾਤਮਕ ਸੁਨੇਹਾ ਹੈ ਅਤੇ ਇਸ ਦਾ ਸਵਾਗਤ ਹੋਣਾ ਚਾਹੀਦਾ ਹੈ। ਏ ਐੱਸ ਪੀ ਅਤੇ ਐੱਸ ਡੀ ਐੱਮ ਨੇ ਭਰੋਸਾ ਦਿੱਤਾ ਕਿ ਮਸਲੇ ਦੇ ਨਿਪਟਾਰੇ ਲਈ ਦੋਵੇਂ ਕਮੇਟੀਆਂ ਦੇ ਪੰਜ-ਪੰਜ ਮੈਂਬਰਾਂ ਨੂੰ ਗੱਲਬਾਤ ਲਈ ਬੁਲਾਇਆ ਜਾਵੇਗਾ।

