CONGRESS ਨੇ ਮਹਿੰਗਾਈ ’ਤੇ BJP ਸਰਕਾਰ ਘੇਰੀ
ਕੀਮਤਾਂ ਵਧਣ ਕਾਰਨ ਜ਼ਰੂਰੀ ਵਸਤਾਂ ਲੋਕਾਂ ਦੀ ਪਹੁੰਚ ਤੋਂ ਬਾਹਰ ਹੋਈਆਂ: ਰਾਓ
ਹਰਿਆਣਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਇੰਚਾਰਜ ਸੰਜੇ ਦੱਤ ਅਤੇ ਪਾਰਟੀ ਦੇ ਸੂਬਾ ਪ੍ਰਧਾਨ ਰਾਓ ਨਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਜੀਂਦ, ਜੁਲਾਨਾ, ਨਰਵਾਣਾ, ਉਚਾਨਾ ਅਤੇ ਸਫ਼ੀਦੋਂ ਵਿਧਾਨ ਸਭਾ ਇਲਾਕਿਆਂ ਦੇ ਆਗੂਆਂ ਅਤੇ ਵਰਕਰਾਂ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਜੀਂਦ ਜ਼ਿਲ੍ਹਾ ਕਾਂਗਰਸ ਕਮੇਟੀ ਦੀ ਕਾਰਜਕਾਰਨੀ ਦੀ ਮੀਟਿੰਗ ਵੀ ਹੋਈ। ਬੈਠਕ ਵਿੱਚ ਸੰਗਠਨ ਨੂੰ ਬੂਥ ਪੱਧਰ ’ਤੇ ਮਜ਼ਬੂਤ ਕਰਨ ਅਤੇ ਲੋਕਾਂ ਨਾਲ ਜੁੜੇ ਮੁੱਦਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚੁੱਕਣ ਬਾਰੇ ਚਰਚਾ ਕੀਤੀ ਗਈ। ਸੂਬਾ ਕਾਂਗਰਸ ਪ੍ਰਧਾਨ ਅਤੇ ਸੂਬਾ ਇੰਚਾਰਜ ਨੇ ਵਧ ਰਹੀ ਮਹਿੰਗਾਈ ਨੂੰ ਲੈ ਕੇ ਭਾਜਪਾ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਰੋਜ਼ਾਨਾ ਜ਼ਰੂਰਤ ਦੀਆਂ ਚੀਜ਼ਾਂ ਭਾਅ ਵਧਣ ਕਾਰਨ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਜਿਹੜੀ ਖੰਡ ਨੂੰ ਲੋਕ ਕੁਝ ਦਿਨ ਪਹਿਲਾਂ 48 ਰੁਪਏ ਕਿਲੋ ਖਰੀਦ ਰਹੇ ਸਨ, ਉਹ ਹੁਣ 62 ਤੋਂ 65 ਰੁਪਏ ਕਿਲੋ ਤੱਕ ਪਹੁੰਚ ਗਈ ਹੈ। ਇਸੇ ਤਰ੍ਹਾਂ ਅੱਜ ਤੋਂ ਲਗਪਗ 15 ਦਿਨ ਪਹਿਲਾਂ 60 ਰੁਪਏ ਪ੍ਰਤੀ ਕਿਲੋ ਮਿਲਣ ਵਾਲਾ ਗੁੜ ਹੁਣ 100 ਰੁਪਏ ਦੇ ਕਰੀਬ ਪਹੁੰਚ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਖੰਡ ਅਤੇ ਗੁੜ ਦੇ ਵਧੇ ਭਾਅ ਦਾ ਅਸਰ ਇਕੱਲੀ ਚਾਹ ’ਤੇ ਹੀ ਸੀਮਤ ਨਹੀਂ ਹੈ, ਬਲਕਿ ਇਸ ਦਾ ਸਿੱਧਾ ਅਸਰ ਮਠਿਆਈ, ਚਾਕਲੇਟ, ਖੀਰ, ਦੁੱਧ, ਜੂਸ ਅਤੇ ਹੋਰ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ’ਤੇ ਪੈਂਦਾ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਬੇਰੁਜ਼ਗਾਰੀ, ਮਹਿੰਗਾਈ ਅਤੇ ਵਧਦੇ ਘਰੇਲੂ ਖਰਚਿਆਂ ਨੇ ਆਮ ਪਰਿਵਾਰਾਂ ਦੀਆਂ ਮੁਸ਼ਕਿਲਾਂ ਪਹਿਲਾਂ ਹੀ ਵਧਾ ਰੱਖੀਆਂ ਹਨ ਤਾਂ ਅਜਿਹੇ ਸਮੇਂ ਵਿੱਚ ਰੋਜ਼ਾਨਾ ਲੋੜ ਦੀਆਂ ਵਸਤੂਆਂ ਦੇ ਦਾਮ ਵਧਾਉਣਾ ਸਰਕਾਰ ਦੀਆਂ ਨੀਤੀਆਂ ’ਤੇ ਸਵਾਲ ਖੜ੍ਹੇ ਕਰਦਾ ਹੈ। ਸਰਕਾਰ ਨੂੰ ਅੰਕੜਿਆਂ ਅਤੇ ਐਲਾਨਾਂ ਤੋਂ ਅੱਗੇ ਵਧ ਕੇ ਲੋਕਾਂ ਨੂੰ ਰਾਹਤ ਦੇਣ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ। ਇਸ ਮੌਕੇ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਵੀਰਿੰਦਰ ਸਿੰਘ, ਸੰਸਦ ਮੈਂਬਰ ਸਤਪਾਲ ਬ੍ਰਹਮਚਾਰੀ, ਵਿਧਾਇਕ ਵਿਨੇਸ਼ ਫੋਗਾਟ, ਸਾਬਕਾ ਸੰਸਦ ਮੈਂਬਰ ਬਰਜਿੰਦਰ ਸਿੰਘ, ਜੀਂਦ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਿਸ਼ੀਪਾਲ ਹੈਬਤਪੁਰ, ਸਾਬਕਾ ਵਿਧਾਇਕ ਸੁਭਾਸ਼ ਗਾਂਗੋਲੀ, ਪਵਨ ਗਰਗ, ਵਜ਼ੀਰ ਗਾਂਗੋਲੀ, ਰਾਮਭੱਜ ਅਤੇ ਸਤਿਵੀਰ ਦਬਲੈਣ ਆਦਿ ਹਾਜ਼ਰ ਸਨ।

