ਲੋਕਾਂ ਦੀਆਂ ਸਮੱਸਿਆਵਾਂ ਦੇ ਫੌਰੀ ਹੱਲ ਲਈ ਵਚਨਬੱਧ: Krishna Kumar Bedi
ਮੰਤਰੀ ਵੱਲੋਂ 13 ਸ਼ਿਕਾਇਤਾਂ ਵਿੱਚੋਂ ਅੱਠ ਦਾ ਮੌਕੇ ’ਤੇ ਨਿਬੇਡ਼ਾ
ਲੋਕਾਂ ਦੀਆਂ ਸਮੱਸਿਆਵਾਂ ਦੇ ਫੌਰੀ ਹੱਲ ਲਈ ਵਚਨਬੱਧ: Krishna Kumar Bedi
ਹਰਿਆਣਾ ਦੇ ਸਮਾਜਿਕ ਨਿਆਂ, ਅਧਿਕਾਰਤਾ, ਅਨੁਸੂਚਿਤ ਜਾਤੀ ਅਤੇ ਪਿੱਛੜਾ ਵਰਗ ਕਲਿਆਣ ਮੰਤਰੀ ਕ੍ਰਿਸ਼ਨ ਕੁਮਾਰ ਬੇਦੀ ਨੇ ਕਿਹਾ ਕਿ ਹਰਿਆਣਾ ਸਰਕਾਰ ਲੋਕਾਂ ਦੀਆਂ ਸਮੱਸਿਆਵਾਂ ਦੇ ਫੌਰੀ ਅਤੇ ਪ੍ਰਭਾਵਸ਼ਾਲੀ ਹੱਲ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਸੂਬਾ ਸਰਕਾਰ ਪਾਰਦਰਸ਼ੀ ਅਤੇ ਲੋਕ-ਹਿਤੈਸ਼ੀ ਪ੍ਰਸ਼ਾਸਨ ਦੇਣ ਲਈ ਯਤਨਸ਼ੀਲ ਹੈ। ਉਹ ਸਥਾਨਕ ਡੀ ਪੀ ਆਰ ਸੀ ਹਾਲ ਵਿੱਚ ਜ਼ਿਲ੍ਹਾ ਲੋਕ ਸੰਪਰਕ ਅਤੇ ਜਨ ਪਰਿਵਾਦ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਮੀਟਿੰਗ ਵਿੱਚ ਕੁੱਲ 13 ਮਾਮਲੇ ਆਏ, ਜਿਨ੍ਹਾਂ ਵਿੱਚੋਂ ਅੱਠ ਦਾ ਮੌਕੇ ’ਤੇ ਨਿਬੇੜਾ ਕੀਤਾ ਗਿਆ, ਜਦਕਿ ਪੰਜ ਮਾਮਲੇ ਹੋਰ ਜਾਂਚ ਲਈ ਅਗਲੀ ਮੀਟਿੰਗ ਤੱਕ ਲੰਬਿਤ ਰੱਖੇ ਗਏ। ਨਿਬੇੜੇ ਗਏ ਮਾਮਲੇ ਪੀਣ ਵਾਲੇ ਪਾਣੀ, ਬਿਜਲੀ, ਲੋਕ ਨਿਰਮਾਣ, ਪੁਲੀਸ, ਸਿੱਖਿਆ ਅਤੇ ਹੋਰ ਵਿਭਾਗਾਂ ਨਾਲ ਸਬੰਧਤ ਸਨ। ਬੜੋਪਲ ਨਿਵਾਸੀ ਸੁੰਦਰ ਸਿੰਘ ਦੀ ਬਰਸਾਤੀ ਪਾਣੀ ਨਿਕਾਸੀ ਸਬੰਧੀ ਸ਼ਿਕਾਇਤ ’ਤੇ ਦੋ ਹਫ਼ਤਿਆਂ ਵਿੱਚ ਰਿਪੋਰਟ ਮੰਗੀ ਗਈ ਹੈ। ਵਿਵਾਦ ਨੰਬਰ 4 ਵਿੱਚ ਸ਼ਿਕਾਇਤ ਝੂਠੀ ਪਾਈ ਗਈ, ਜਿਸ ’ਤੇ ਨਿਯਮ ਅਨੁਸਾਰ ਕਾਰਵਾਈ ਦੇ ਨਿਰਦੇਸ਼ ਦਿੱਤੇ ਗਏ। ਵਿਵਾਦ ਨੰਬਰ 13 ਲਈ ਐੱਸ ਡੀ ਐੱਮ ਟੋਹਾਣਾ ਦੀ ਅਗਵਾਈ ਵਿੱਚ ਜਾਂਚ ਕਮੇਟੀ ਗਠਿਤ ਕੀਤੀ ਗਈ। ਕੈਬਨਿਟ ਮੰਤਰੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਿਸੇ ਵੀ ਸ਼ਿਕਾਇਤ ਨੂੰ ਹਲਕੇ ਵਿੱਚ ਨਾ ਲਿਆ ਜਾਵੇ ਅਤੇ ਨਿਰਪੱਖ ਜਾਂਚ ਕੀਤੀ ਜਾਵੇ। ਇਸ ਮੌਕੇ ਫਤਿਹਾਬਾਦ ਦੇ ਵਿਧਾਇਕ ਬਲਵਾਨ ਦੌਲਤਪੁਰੀਆ, ਰਤੀਆ ਦੇ ਵਿਧਾਇਕ ਜਰਨੈਲ ਸਿੰਘ, ਸਾਬਕਾ ਸੰਸਦੀ ਸਕੱਤਰ ਦੁੜਾਰਾਮ, ਭਾਜਪਾ ਜ਼ਿਲ੍ਹਾ ਪ੍ਰਧਾਨ ਪ੍ਰਵੀਨ ਜੋੜਾ, ਸਾਬਕਾ ਵਿਧਾਇਕ ਲਕਸ਼ਮਣ ਨਾਪਾ, ਜ਼ਿਲ੍ਹਾ ਪਰਿਸ਼ਦ ਚੇਅਰਪਰਸਨ ਸੁਮਨ ਖਿਚੜ ਆਦਿ ਹਾਜ਼ਰ ਸਨ।

