ਗੁਰੂ ਤੇਗ ਬਹਾਦਰ ਦੀ 350 ਸਾਲਾ Shaheedi Shatabdi ਦੇ ਸਮਾਪਤੀ ਸਮਾਗਮ ਲਾਲ ਕਿਲ੍ਹੇ ’ਤੇ ਹੋਣਗੇ
ਦਿੱਲੀ ਕਮੇਟੀ ਨੇ ਸਮਾਗਮਾਂ ਦੀ ਰੂਪ-ਰੇਖਾ ਉਲੀਕੀ; ਗੁਰਦੁਆਰਾ ਰਕਾਬਗੰਜ ਸਾਹਿਬ ਵਿੱਚ ਸਹਿਜ ਪਾਠਾਂ ਦੀ ਲੜੀ ਸ਼ੁਰੂ
ਗੁਰੂ ਤੇਗ ਬਹਾਦਰ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਦੇ ਸਮਾਪਤੀ ਸਮਾਗਮ ਸ਼ੁਰੂਆਤੀ ਸਮਾਗਮਾਂ ਵਾਂਗ ਹੀ ਲਾਲ ਕਿਲ੍ਹੇ ’ਤੇ ਕਰਵਾਏ ਜਾਣਗੇ। ਇਸ ਗੱਲ ਦਾ ਪ੍ਰਗਟਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕੀਤਾ ਹੈ। ਅੱਜ ਇੱਥੇ ਸਮਾਪਤੀ ਸਮਾਗਮਾਂ ਲਈ ਸਹਿਜ ਪਾਠਾਂ ਦੀ ਲੜੀ ਸ਼ੁਰੂ ਕਰਨ ਮਗਰੋਂ ਉਨ੍ਹਾਂ ਮੀਡੀਆ ਨਾਲ ਗੱਲਬਾਤ ਕੀਤੀ। ਇਸ ਦੌਰਾਨ ਕਮੇਟੀ ਆਗੂਆਂ ਨੇ ਦੱਸਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਹਾੜਾ 14 ਦਸੰਬਰ ਨੂੰ ਆ ਰਿਹਾ ਹੈ। ਇਸੇ ਦਿਨ ਸ਼ਤਾਬਦੀ ਦੇ ਸਮਾਪਤੀ ਸਮਾਗਮ ਹੋਣਗੇ ਅਤੇ ਸਾਲ ਭਰ ਤੋਂ ਚੱਲ ਰਹੇ ਇਨ੍ਹਾਂ ਸ਼ਹੀਦੀ ਸਮਾਗਮਾਂ ਦੀ ਸੰਪੂਰਨਤਾ ਹੋ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਵੱਡੇ ਸਮਾਗਮ ਵੀ ਲਾਲ ਕਿਲ੍ਹੇ ਉੱਤੇ ਹੀ ਕਰਵਾਏ ਜਾਣਗੇ। ਕਮੇਟੀ ਪ੍ਰਧਾਨ ਅਤੇ ਜਨਰਲ ਸਕੱਤਰ ਨੇ ਕਿਹਾ ਕਿ ਜੇ ਦਿੱਲੀ ਸਰਕਾਰ ਇਨ੍ਹਾਂ ਸਮਾਪਤੀ ਸਮਾਗਮਾਂ ਵਿੱਚ ਉਨ੍ਹਾਂ ਨਾਲ ਭਾਈਵਾਲ ਬਣਨਾ ਚਾਹੇਗੀ, ਤਾਂ ਉਸ ਦਾ ਪੂਰਾ ਸਵਾਗਤ ਕੀਤਾ ਜਾਵੇਗਾ। ਉਨ੍ਹਾਂ ਭਰੋਸਾ ਦਿਵਾਇਆ ਕਿ ਜਿਸ ਤਰ੍ਹਾਂ ਸ਼ਤਾਬਦੀ ਦੇ ਸ਼ੁਰੂਆਤੀ ਸਮਾਗਮ ਯਾਦਗਾਰੀ ਰਹੇ ਸਨ, ਬਿਲਕੁਲ ਉਸੇ ਤਰ੍ਹਾਂ ਅੰਤਿਮ ਸਮਾਗਮਾਂ ਨੂੰ ਵੀ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਯਾਦਗਾਰੀ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਅਕਤੂਬਰ, ਨਵੰਬਰ ਅਤੇ ਦਸੰਬਰ ਮਹੀਨੇ ਦੌਰਾਨ ਸ਼ਤਾਬਦੀ ਨੂੰ ਸਮਰਪਿਤ ਕਈ ਹੋਰ ਪ੍ਰੋਗਰਾਮਾਂ ਦੀ ਰੂਪ-ਰੇਖਾ ਵੀ ਉਲੀਕੀ ਗਈ ਹੈ।

