ਬੱਚਿਆਂ ਨੂੰ ਪਾਣੀ ਬਚਾਉਣ ਲਈ ਜਾਗਰੂਕ ਕੀਤਾ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 28 ਮਈ
ਵਧੀਕ ਡਿਪਟੀ ਕਮਿਸ਼ਨਰ ਸੋਨੂੰ ਭੱਟ ਨੇ ਕਿਹਾ ਹੈ ਕਿ ਪੀਣ ਵਾਲੇ ਪਾਣੀ ਨੂੰ ਬਣਾਇਆ ਨਹੀਂ ਜਾ ਸਕਦਾ ਇਸ ਨੂੰ ਸਿਰਫ ਬਚਾਇਆ ਹੀ ਜਾ ਸਕਦਾ ਹੈ। ਮੀਂਹ ਦੇ ਪਾਣੀ ਨੂੰ ਜ਼ਮੀਨ ਵਿੱਚ ਜਮ੍ਹਾਂ ਕਰਨ ਲਈ ਬੋਰਵੈਲ ਲਾਏ ਜਾਣੇ ਚਾਹੀਦੇ ਹਨ ਤੇ ਵੱਧ ਤੋਂ ਵੱਧ ਪੌਦੇ ਲਾਏੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਰੁੱਖ ਪਾਣੀ ਨੂੰ ਵਹਿਣ ਤੋਂ ਰੋਕਦੇ ਹਨ ਤੇ ਜ਼ਮੀਨ ਵਿੱਚ ਭੇਜਣ ਦਾ ਕੰਮ ਕਰਦੇ ਹਨ। ਇਸ ਤੋਂ ਇਲਾਵਾ ਰੁੱਖ ਤੇ ਪੌਦੇ ਮੀਂਹ ਲਿਆਉਣ ਵਿਚ ਵੀ ਮਦਦਗਾਰ ਬਣਦੇ ਹਨ। ਉਨ੍ਹਾਂ ਕਿਹਾ ਕਿ ਪਾਣੀ ਬਚਾਉਣ ਲਈ ਛੋਟੇ-ਛੋਟੇ ਯਤਨਾਂ ਦੀ ਲੋੜ ਹੈ। ਉਹ ਅੱਜ ਪੰਚਾਇਤ ਭਵਨ ਦੇ ਆਡੀਟੋਰੀਅਮ ਸਿੱਖਿਆ ਤੇ ਜ਼ਿਲ੍ਹਾ ਪਰੀਸ਼ਦ ਕੁਰੂਕਸ਼ੇਤਰ ਦੇ ਸਾਂਝੇ ਉਦਮ ਨਾਲ ਕਰਵਾਏ ਜਲ ਸ਼ਕਤੀ ਅਭਿਆਨ ਕੈਚ ਦਿ ਰੇਨ 2025 ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਮਨੁੱਖ ਲਗਪਗ ਤਿੰਨ ਲੱਖ ਸਾਲ ਪਹਿਲਾਂ ਧਰਤੀ ’ਤੇ ਆਇਆ ਸੀ ,ਹੁਣ ਪਾਣੀ ਬਚਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਵਧੇਰੇ ਪਾਣੀ ਖੇਤੀ ਲਈ ਵਰਤਿਆ ਜਾ ਰਿਹਾ ਹੈ, ਦੂਜਾ ਇਸ ਦੀ ਵਰਤੋਂ ਉਦਯੋਗਾਂ ਵਿੱਚ ਹੋ ਰਹੀ ਹੈ। ਜ਼ਮੀਨ ਤੋਂ ਪਾਣੀ ਦੀ ਵਰਤੋਂ ਕਾਰਨ ਸਾਡੇ ਬਹੁਤ ਸਾਰੇ ਖੇਤਰ ਡਾਰਕ ਜ਼ੋਨ ਬਣ ਗਏ ਹਨ। ਆਰਓ ਪ੍ਰਕਿਰਿਆ ਦੌਰਾਨ 75 ਫ਼ੀਸਦ ਪਾਣੀ ਬਰਬਾਦ ਹੋ ਰਿਹਾ ਹੈ। ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਪਾਣੀ ਬਚਾਉਣ ਨੂੰ ਲੈ ਕੇ ਪੇਸ਼ਕਾਰੀਆਂ ਦਿੱਤੀਆਂ। ਇਸ ਮੌਕੇ ਜ਼ਿਲ੍ਹਾ ਪਰੀਸ਼ਦ ਚੇਅਰਮੈਨ ਕੰਵਲਜੀਤ ਕੌਰ, ਜ਼ਿਲ੍ਹਾ ਪਰੀਸ਼ਦ ਸੀਈਓ ਸ਼ੰਭੂ, ਜ਼ਿਲ੍ਹਾ ਸਿੱਖਿਆ ਅਧਿਕਾਰੀ ਸੰਤੋਸ਼ ਸ਼ਰਮਾ, ਜ਼ਿਲ੍ਹਾ ਪ੍ਰਾਜੈਕਟ ਕੋਆਰਡੀਨੇਟਰ ਸੰਤੋਸ਼ ਚੌਹਾਨ, ਭਗਵਾਨ, ਸੱਤਿਆ ਭੂਸ਼ਣ ਮੌਜੂਦ ਸਨ।