ਈ-ਰਿਕਸ਼ਾ ਪਲਟਣ ਕਾਰਨ ਬੱਚੇ ਦੀ ਮੌਤ : The Tribune India

ਈ-ਰਿਕਸ਼ਾ ਪਲਟਣ ਕਾਰਨ ਬੱਚੇ ਦੀ ਮੌਤ

ਈ-ਰਿਕਸ਼ਾ ਪਲਟਣ ਕਾਰਨ ਬੱਚੇ ਦੀ ਮੌਤ

ਨਿੱਜੀ ਪੱਤਰ ਪ੍ਰੇਰਕ

ਸਿਰਸਾ, 18 ਮਾਰਚ

ਇਥੋਂ ਦੇ ਬੇਗੂ ਰੋਡ ਸਥਿਤ ਸ਼ਾਹ ਸਤਨਾਮ ਚੌਕ ਦੇ ਨੇੜੇ ਈ ਰਿਕਸ਼ਾ ਪਲਟਣ ਨਾਲ ਉਸ ’ਚ ਸਵਾਰ ਡੇਢ ਸਾਲਾ ਬੱਚੇ ਦੀ ਮੌਤ ਹੋ ਗਈ। ਹਾਦਸੇ ਮਗਰੋਂ ਈ ਰਿਕਸ਼ਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਰੋਹ ’ਚ ਆਏ ਲੋਕਾਂ ਨੇ ਰੋਡ ਜਾਮ ਕਰਕੇ ਪੁਲੀਸ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

ਪ੍ਰਾਪਤ ਜਾਣਕਾਰੀ ਅਨੁਸਾਰ ਰਜਨੀ ਆਪਣੇ ਪੇਕੇ ਘਰ ਆਈ ਹੋਈ ਹੈ। ਦੱਸਿਆ ਗਿਆ ਹੈ ਕਿ ਉਸ ਦਾ ਡੇਢ ਸਾਲ ਦੇ ਪੁੱਤਰ ਨੂੰ ਬੁਖਾਰ ਹੋ ਗਿਆ ਤਾਂ ਉਹ ਡਾਕਟਰ ਤੋਂ ਦਵਾਈ ਲੈ ਕੇ ਵਾਪਸ ਆਪਣੇ ਪੁੱਤਰ ਨਾਲ ਈ-ਰਿਕਸ਼ਾ ’ਤੇ ਬੈਠ ਕੇ ਘਰ ਆ ਰਹੀ ਸੀ ਤਾਂ ਸ਼ਾਹ ਸਤਨਾਮ ਚੌਕ ਦੇ ਨੇੜੇ ਅਚਨਚੇਤ ਈ ਰਿਕਸ਼ਾ ਪਲਟ ਗਿਆ ਜਿਸ ਕਾਰਨ ਬੱਚਾ ਮਾਂ ਦੀ ਝੋਲੀ ਚੋਂ ਹੇਠਾਂ ਡਿੱਗ ਪਿਆ ਤੇ ਉਸ ਦੇ ਗੰਭੀਰ ਸੱਟਾਂ ਲੱਗੀਆਂ। ਤੁਰੰਤ ਉਸ ਨੂੰ ਨੇੜੇ ਦੇ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸੇ ਦੌਰਾਨ ਈ ਰਿਕਸ਼ਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਤਾਂ ਪਰਿਵਾਰ ਤੇ ਹੋਰ ਲੋਕ ਰੋਹ ਵਿੱਚ ਆ ਗਏ ਤੇ ਉਨ੍ਹਾਂ ਨੇ ਬੇਗੂ ਰੋਡ ’ਤੇ ਜਾਮ ਲਾ ਦਿੱਤਾ। ਸੂਚਨਾ ਮਿਲਣ ’ਤੇ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜਾਮ ਖੁਲ੍ਹਵਾਉਣ ਦੀ ਕੋਸ਼ਿਸ਼ ਕੀਤੀ ਪਰ ਲੋਕ ਪਹਿਲਾਂ ਈ-ਰਿਕਸ਼ਾ ਚਾਲਕ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ’ਤੇ ਅੜ੍ਹੇ ਰਹੇ। ਬਾਅਦ ਵਿੱਚ ਪੁਲੀਸ ਦੇ ਭਰੋਸੇ ਮਗਰੋਂ ਲੋਕਾਂ ਨੇ ਜਾਮ ਖੋਲ੍ਹ ਦਿੱਤਾ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਕੇਸ ਦਰਜ ਕਰਕੇ ਵਾਹਨ ਡਰਾਈਵਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ।  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All