ਮੁੱਖ ਮੰਤਰੀ ਵੱਲੋਂ ਡਾਕਟਰਾਂ ਨਾਲ ਮੁਲਾਕਾਤ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 23 ਜੂਨ
ਮੁੱਖ ਮੰਤਰੀ ਰੇਖਾ ਗੁਪਤਾ ਨੇ ਅੱਜ ਮੌਲਾਨਾ ਆਜ਼ਾਦ ਮੈਡੀਕਲ ਕਾਲਜ ਦੇ ਡਾਕਟਰਾਂ ਨਾਲ ਮੁਲਾਕਾਤ ਕੀਤੀ ਅਤੇ ਸੰਸਥਾ ਵਿੱਚ ਨਿਵਾਸੀਆਂ ਲਈ ਸਹੂਲਤਾਂ ਦੀ ਮਾੜੀ ਹਾਲਤ ਲਈ ਪਿਛਲੀ ਸਰਕਾਰ ਦੀ ਆਲੋਚਨਾ ਕੀਤੀ। ਪਿਛਲੇ ਹਫ਼ਤੇ, ਦਿੱਲੀ ਦੇ ਉਪ ਰਾਜਪਾਲ ਵੀਕੇ. ਸਕਸੈਨਾ ਨੇ ਰੇਖਾ ਗੁਪਤਾ ਅਤੇ ਸਿਹਤ ਮੰਤਰੀ ਪੰਕਜ ਸਿੰਘ ਦੇ ਨਾਲ, ਰਾਸ਼ਟਰੀ ਰਾਜਧਾਨੀ ਦੇ ਦਿਲ ਵਿੱਚ ਸਥਿਤ ਮੌਲਾਨਾ ਆਜ਼ਾਦ ਮੈਡੀਕਲ ਕਾਲਜ, ਲੋਕ ਨਾਇਕ ਹਸਪਤਾਲ, ਜੀਬੀ ਪੰਤ ਹਸਪਤਾਲ ਅਤੇ ਗੁਰੂ ਨਾਨਕ ਆਈ ਸੈਂਟਰ ਕੰਪਲੈਕਸ ਵਿੱਚ ਸੁਰੱਖਿਆ ਅਤੇ ਹੋਰ ਬੁਨਿਆਦੀ ਢਾਂਚੇ ਦੀ ਸਮੀਖਿਆ ਕਰਨ ਲਈ ਮੀਟਿੰਗ ਦੀ ਪ੍ਰਧਾਨਗੀ ਕੀਤੀ ਸੀ। ਮੀਟਿੰਗ ਦੌਰਾਨ ਇਹ ਪਾਇਆ ਗਿਆ ਕਿ ਵਿਦਿਆਰਥੀਆਂ ਅਤੇ ਡਾਕਟਰਾਂ ਦੀ ਸੁਰੱਖਿਆ ਵਿੱਚ ਕਮੀਆਂ ਸਨ ਅਤੇ ਰਿਹਾਇਸ਼ ਦੀ ਭਾਰੀ ਘਾਟ ਸੀ।
ਇਨ੍ਹਾਂ ਹਸਪਤਾਲਾਂ ਵਿੱਚ ਸਿਵਲ ਬੁਨਿਆਦੀ ਢਾਂਚਾ ਖਸਤਾ ਹਾਲਤ ਵਿੱਚ ਹੈ ਅਤੇ ਕਬਜ਼ਿਆਂ ਕਾਰਨ ਜਗ੍ਹਾ ਦੀ ਭਾਰੀ ਘਾਟ ਹੈ। ਅੱਜ ਮੁੱਖ ਮੰਤਰੀ ਰੇਖਾ ਗੁਪਤਾ ਨੇ ਦਿੱਲੀ ਸਕੱਤਰੇਤ ਵਿੱਚ ਡਾਕਟਰਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਉਹ ਪਿਛਲੀਆਂ ਪੜ੍ਹੀਆਂ-ਲਿਖੀਆਂ ਸਰਕਾਰਾਂ ਦੀ ਗੈਰ-ਜ਼ਿੰਮੇਵਾਰੀ ’ਤੇ ਹੈਰਾਨ ਹੈ। ਮੌਲਾਨਾ ਆਜ਼ਾਦ ਮੈਡੀਕਲ ਕਾਲਜ ਵਰਗੀ ਵੱਕਾਰੀ ਸੰਸਥਾ ਦੀ ਮਾੜੀ ਹਾਲਤ ਅਤੇ ਇੱਥੇ ਪੜ੍ਹ ਰਹੇ ਵਿਦਿਆਰਥੀਆਂ ਦੀ ਹਾਲਤ ਦੇਖ ਕੇ ਬਹੁਤ ਦੁੱਖ ਹੁੰਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪਤਾ ਲੱਗਿਆ ਹੈ ਕਿ ਸੱਤ ਤੋਂ ਅੱਠ ਵਿਦਿਆਰਥੀ ਇੱਕ ਹੋਸਟਲ ਦੇ ਕਮਰੇ ਵਿੱਚ ਰਹਿ ਰਹੇ ਹਨ ਅਤੇ ਇੱਕ ਅਲਮਾਰੀ ਸਾਂਝੀ ਕਰਨੀ ਪੈਂਦੀ ਹੈ। ਫਿਰ ਕਬਜ਼ਿਆਂ ਦੀ ਸਮੱਸਿਆ ਵੀ ਹੈ। ਉਨ੍ਹਾਂ ਕਿਹਾ ਕਿ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਅਤੇ ਇੱਕ ਨਵੇਂ ਹੋਸਟਲ ਲਈ ਪ੍ਰਬੰਧ ਕੀਤੇ ਜਾਣਗੇ ਅਤੇ ਉਹ ਨਿਜੀ ਨਿਗਰਾਨੀ ਕਰਨਗੇ।