ਕੇ.ਕੇ. ਬਾਂਸਲ
ਰਤੀਆ, 23 ਜੁਲਾਈ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਫਤਿਹਾਬਾਦ ਜ਼ਿਲ੍ਹੇ ਵਿੱਚ ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲਿਆ। ਮੁੱਖ ਮੰਤਰੀ ਅੱਜ ਹਿਸਾਰ ’ਚ ਕਰਵਾਏ ਵਰਕਰ ਸੰਮੇਲਨ ’ਚ ਸ਼ਿਰਕਤ ਕਰਨ ਤੋਂ ਬਾਅਦ ਜਹਾਜ਼ ਰਾਹੀਂ ਸਿਰਸਾ ਲਈ ਅਧਿਕਾਰੀਆਂ ਦੀ ਬੈਠਕ ’ਚ ਸ਼ਾਮਲ ਹੋਣ ਜਾ ਰਹੇ ਸਨ। ਮੀਟਿੰਗ ਵਿੱਚ ਜਾਂਦੇ ਸਮੇਂ ਮੁੱਖ ਮੰਤਰੀ ਨੇ ਫਤਿਹਾਬਾਦ ਜ਼ਿਲ੍ਹੇ ਵਿੱਚ ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲਿਆ। ਇਸ ਤੋਂ ਬਾਅਦ ਮੁੱਖ ਮੰਤਰੀ ਮਨੋਹਰ ਲਾਲ ਨੇ ਸਿਰਸਾ ਸਥਿਤ ਏਅਰ ਫੋਰਸ ਸਟੇਸ਼ਨ ’ਤੇ ਦੋਵਾਂ ਜ਼ਿਲ੍ਹਿਆਂ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ ਅਤੇ ਅਧਿਕਾਰੀਆਂ ਨੂੰ ਹੜ੍ਹ ਦੌਰਾਨ ਰਾਹਤ ਅਤੇ ਬਚਾਅ ਕਾਰਜ ਜਾਰੀ ਰੱਖਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਦੋਵਾਂ ਜ਼ਿਲ੍ਹਿਆਂ ਵਿੱਚ ਹੜ੍ਹਾਂ ਤੋਂ ਬਚਾਅ ਦਾ ਕੰਮ ਚੱਲ ਰਿਹਾ ਹੈ ਅਤੇ ਲੋਕਾਂ ਨੂੰ ਤੁਰੰਤ ਰਾਹਤ ਪਹੁੰਚਾਉਣ ਲਈ ਕੰਮ ਗੰਭੀਰਤਾ ਨਾਲ ਕੀਤਾ ਜਾ ਰਿਹਾ ਹੈ। ਉਹ ਖੁਦ ਸਿਰਸਾ ਅਤੇ ਫਤਿਹਾਬਾਦ ਦੋਹਾਂ ਜ਼ਿਲ੍ਹਿਆਂ ’ਚ ਹਰ ਸਥਿਤੀ ’ਤੇ ਨਜ਼ਰ ਰੱਖ ਰਹੇ ਹਨ। ਆਫ਼ਤ ਦੀ ਸਥਿਤੀ ਵਿੱਚ ਸਰਕਾਰ ਪੂਰੀ ਤਰ੍ਹਾਂ ਲੋਕਾਂ ਦੇ ਨਾਲ ਹੈ। ਹਰਿਆਣਾ ਸਰਕਾਰ ਇਸ ਦਾ ਮੁਲਾਂਕਣ ਕਰਵਾ ਕੇ ਇਸ ਹੜ੍ਹ ਕਾਰਨ ਲੋਕਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰੇਗੀ। ਉਨ੍ਹਾਂ ਕਿਹਾ ਕਿ ਕਿਸਾਨ ਫਸਲਾਂ ਦੇ ਨੁਕਸਾਨ ਦਾ ਵੇਰਵਾ ਮੁਆਵਜ਼ਾ ਪੋਰਟਲ ’ਤੇ ਦਰਜ ਕਰਵਾਉਣ।
ਮੁਆਵਜ਼ਾ ਪੋਰਟਲ ਇੱਕ ਮਹੀਨੇ ਲਈ ਖੁੱਲ੍ਹਾ ਰਹੇਗਾ। ਸਰਕਾਰ ਦੀ ਪੂਰੀ ਕੋਸ਼ਿਸ਼ ਕਿਸਾਨਾਂ ਨੂੰ ਉਨ੍ਹਾਂ ਦੇ ਹੋਏ ਨੁਕਸਾਨ ਦਾ ਪੂਰਾ ਮੁਆਵਜ਼ਾ ਦੇਣ ਦੀ ਹੈ। ਮੁੱਖ ਮੰਤਰੀ ਨੇ ਦੋਵਾਂ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਤੋਂ ਹੜ੍ਹ ਪ੍ਰਭਾਵਿਤ ਇਲਾਕਿਆਂ, ਪਿੰਡਾਂ ਅਤੇ ਢਾਣੀਆਂ ਵਿੱਚ ਪਾਣੀ ਦੀ ਸਥਿਤੀ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਉਨ੍ਹਾਂ ਦੋਵਾਂ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਕਿ ਸਰਕਾਰ ਵੱਲੋਂ ਭੇਜੇ ਗਏ ਫੰਡ ਵੀ ਪੰਚਾਇਤਾਂ ਨੂੰ ਉਨ੍ਹਾਂ ਦੀ ਲੋੜ ਅਨੁਸਾਰ ਉਪਲਬਧ ਕਰਵਾਏ ਜਾਣ। ਇਸ ਦੌਰਾਨ ਮੁੱਖ ਮੰਤਰੀ ਨੇ ਦੋਵਾਂ ਜ਼ਿਲ੍ਹਿਆਂ ਵਿੱਚ ਕੀਤੇ ਜਾ ਰਹੇ ਹੜ੍ਹ ਰਾਹਤ ਕਾਰਜਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਹਾਸਲ ਕੀਤੀ। ਫਤਿਹਾਬਾਦ ਦੀ ਡਿਪਟੀ ਕਮਿਸ਼ਨਰ ਮਨਦੀਪ ਕੌਰ ਨੇ ਦੱਸਿਆ ਕਿ ਜ਼ਿਲ੍ਹੇ ’ਚ ਐੱਨ.ਡੀ.ਆਰ.ਐੱਫ. ਦੇ ਦੋ ਅਤੇ ਫੌਜ ਦੇ ਚਾਰ ਕਾਲਮ ਰਾਹਤ ਕਾਰਜ ’ਚ ਲੱਗੇ ਹੋਏ ਹਨ। ਜ਼ਿਲ੍ਹੇ ਵਿੱਚ ਹੜ੍ਹਾਂ ’ਚ ਫਸੇ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਲੋੜ ਅਨੁਸਾਰ ਲੋੜੀਂਦੀਆਂ ਵਸਤਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਜ਼ਿਲ੍ਹੇ ਵਿੱਚ ਸਿਹਤ ਟੀਮਾਂ ਲਗਾਤਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਅਤੇ ਰਾਹਤ ਕੈਂਪਾਂ ਵਿੱਚ ਡਾਕਟਰੀ ਸਹਾਇਤਾ ਪ੍ਰਦਾਨ ਕਰ ਰਹੀਆਂ ਹਨ। ਪਸ਼ੂ ਪਾਲਣ ਵਿਭਾਗ ਵੱਲੋਂ ਪਸ਼ੂਆਂ ਨੂੰ ਚਾਰਾ ਅਤੇ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਸੰਸਦ ਮੈਂਬਰ ਸੁਨੀਤਾ ਦੁੱਗਲ, ਮੁੱਖ ਮੰਤਰੀ ਦੇ ਸਾਬਕਾ ਰਾਜਨੀਤਿਕ ਸਲਾਹਕਾਰ ਜਗਦੀਸ਼ ਚੋਪੜਾ, ਡਿਪਟੀ ਕਮਿਸ਼ਨਰ ਫਤਿਹਾਬਾਦ ਮਨਦੀਪ ਕੌਰ, ਡਿਪਟੀ ਕਮਿਸ਼ਨਰ ਸਿਰਸਾ ਪਾਰਥਾ ਗੁਪਤਾ, ਫਤਿਹਾਬਾਦ ਦੇ ਐਸਪੀ ਆਸਥਾ ਮੋਦੀ ਅਤੇ ਭਾਜਪਾ ਆਗੂ ਗੋਬਿੰਦ ਕਾਂਡਾ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਹਾਜ਼ਰ ਸਨ।
ਉਪ ਮੰਡਲ ਮੈਜਿਸਟਰੇਟ ਜਗਦੀਸ਼ ਚੰਦਰ ਦੇ ਹੁਕਮਾਂ ’ਤੇ ਰਤੀਆ ਕਸਬੇ ਅਤੇ ਆਸ-ਪਾਸ ਗੁਰਦੁਆਰਾ ਸਾਹਿਬ, ਢਾਣੀ ਲਾਂਬਾ, ਘਾਸਵਾ, ਚਿੰਮੋ, ਕਲੰਦਰਗੜ੍ਹ, ਭਾਨੀਖੇੜਾ, ਤੇਲੀਵਾੜਾ ਪਿੰਡਾਂ ਵਿੱਚ ਡਰੋਨਾਂ ਦੀ ਮਦਦ ਨਾਲ ਨੁਕਸਾਨ ਦਾ ਜਾਇਜ਼ ਲਿਆ ਗਿਆ।