Chemists Strike: ਕੈਮਿਸਟਾਂ ਦੀ ਹੜਤਾਲ ਨੂੰ ਮੱਠਾ ਹੁੰਗਾਰਾ
ਆਲ ਇੰਡੀਆ ਆਰਗੇਨਾਈਜ਼ੇਸ਼ਨ ਆਫ ਕੈਮਿਸਟ ਐਂਡ ਡਰੱਗਿਸਟ ਵੱਲੋਂ ਦਿੱਤੇ ਸੱਦੇ ’ਤੇ ਕੈਮਿਸਟਾਂ ਦੀ ਹੜਤਾਲ ਦਾ ਬੁੱਧਵਾਰ ਨੂੰ ਦਿੱਲੀ-ਐੱਨ ਸੀ ਆਰ ਵਿੱਚ ਮਿਲਿਆ-ਜੁਲਿਆ ਪ੍ਰਭਾਵ ਰਿਹਾ। ਕਈ ਸਥਾਨਕ ਬਾਜ਼ਾਰਾਂ ਵਿੱਚ ਮੈਡੀਕਲ ਸਟੋਰ ਬੰਦ ਰਹੇ ਜਦੋਂਕਿ ਕੁਝ ਖੁੱਲ੍ਹੇ ਰਹੇ। ਹਾਲਾਂਕਿ, ਹਸਪਤਾਲ ਕੰਪਲੈਕਸਾਂ, ਸਰਕਾਰੀ...
ਆਲ ਇੰਡੀਆ ਆਰਗੇਨਾਈਜ਼ੇਸ਼ਨ ਆਫ ਕੈਮਿਸਟ ਐਂਡ ਡਰੱਗਿਸਟ ਵੱਲੋਂ ਦਿੱਤੇ ਸੱਦੇ ’ਤੇ ਕੈਮਿਸਟਾਂ ਦੀ ਹੜਤਾਲ ਦਾ ਬੁੱਧਵਾਰ ਨੂੰ ਦਿੱਲੀ-ਐੱਨ ਸੀ ਆਰ ਵਿੱਚ ਮਿਲਿਆ-ਜੁਲਿਆ ਪ੍ਰਭਾਵ ਰਿਹਾ। ਕਈ ਸਥਾਨਕ ਬਾਜ਼ਾਰਾਂ ਵਿੱਚ ਮੈਡੀਕਲ ਸਟੋਰ ਬੰਦ ਰਹੇ ਜਦੋਂਕਿ ਕੁਝ ਖੁੱਲ੍ਹੇ ਰਹੇ। ਹਾਲਾਂਕਿ, ਹਸਪਤਾਲ ਕੰਪਲੈਕਸਾਂ, ਸਰਕਾਰੀ ਕੇਂਦਰਾਂ ਅਤੇ ਪ੍ਰਮੁੱਖ ਫਾਰਮੇਸੀ ਚੇਨਾਂ ਵਿੱਚ ਦੁਕਾਨਾਂ ਆਮ ਵਾਂਗ ਖੁੱਲ੍ਹੀਆਂ ਰਹੀਆਂ। ਇਹ ਹੜਤਾਲ ਔਨਲਾਈਨ ਦਵਾਈਆਂ ਦੀ ਵਿੱਕਰੀ ਅਤੇ ਈ-ਫਾਰਮੇਸੀ ਪਲੈਟਫਾਰਮਾਂ ਦੇ ਵਿਰੋਧ ਵਿੱਚ ਬੁਲਾਈ ਗਈ ਸੀ। ਕੈਮਿਸਟ ਸੰਗਠਨਾਂ ਦਾ ਕਹਿਣਾ ਹੈ ਕਿ ਔਨਲਾਈਨ ਪਲੈਟਫਾਰਮ ਜ਼ਿਆਦਾ ਛੋਟਾਂ ਦੇ ਰਹੇ ਹਨ ਅਤੇ ਰਵਾਇਤੀ ਦਵਾਈਆਂ ਦੇ ਬਾਜ਼ਾਰ ਨੂੰ ਕਮਜ਼ੋਰ ਕਰ ਰਹੇ ਹਨ। ਦਿੱਲੀ ਦੇ ਕਈ ਇਲਾਕਿਆਂ ਵਿੱਚ ਮੈਡੀਕਲ ਸਟੋਰ ਬੰਦ ਰਹੇ। ਇਨ੍ਹਾਂ ਵਿੱਚ ਲਕਸ਼ਮੀ ਨਗਰ, ਪ੍ਰੀਤ ਵਿਹਾਰ, ਕਰੋਲ ਬਾਗ਼ ਅਤੇ ਚਾਂਦਨੀ ਚੌਕ ਸ਼ਾਮਲ ਹਨ। ਹਾਲਾਂਕਿ ਏਮਜ਼, ਸਫਦਰਜੰਗ, ਆਰ ਐੱਮ ਐੱਲ ਅਤੇ ਐੱਲ ਐੱਨ ਜੇ ਪੀ ਵਰਗੇ ਵੱਡੇ ਸਰਕਾਰੀ ਹਸਪਤਾਲਾਂ ਅਤੇ ਨਿੱਜੀ ਨਰਸਿੰਗ ਹੋਮ ਦੇ ਨੇੜੇ ਮੈਡੀਕਲ ਸਟੋਰ ਖੁੱਲ੍ਹੇ ਰਹੇ। ਇਸ ਵਿਰੋਧ ਪ੍ਰਦਰਸ਼ਨ ਦਾ ਕੇਂਦਰ ਬਿੰਦੂ ਦੋ ਸਰਕਾਰੀ ਨੋਟੀਫਿਕੇਸ਼ਨ ਹਨ ਜੋ ਕੈਮਿਸਟਾਂ ਦੀ ਸੰਸਥਾ ਅਨੁਸਾਰ ਇਨ੍ਹਾਂ ਦੇ ਨਿਯਮਾਂ ਨੇ ਅਜਿਹੀਆਂ ਹਾਲਾਤ ਪੈਦਾ ਕੀਤੇ ਹਨ ਕਿ ਈ-ਫਾਰਮੇਸੀਆਂ ਨੂੰ ਪੂਰੀ ਤਰ੍ਹਾਂ ਪਰਿਭਾਸ਼ਿਤ ਕਾਨੂੰਨੀ ਢਾਂਚੇ ਤੋਂ ਬਿਨਾਂ ਕੰਮ ਕਰਨ ਦੀ ਆਗਿਆ ਮਿਲੀ ਹੈ। ਆਲ ਇੰਡੀਆ ਆਰਗੇਨਾਈਜ਼ੇਸ਼ਨ ਆਫ ਕੈਮਿਸਟ ਐਂਡ ਡਰੱਗਿਸਟ ਦੇ ਜਨਰਲ ਸਕੱਤਰ ਰਾਜੀਵ ਸਿੰਘਲ ਨੇ ਕਿਹਾ ਕਿ ਔਨਲਾਈਨ ਪਲੈਟਫਾਰਮਾਂ ’ਤੇ ਵਰਤੇ ਜਾ ਰਹੇ ‘ਗ਼ਲਤ ਜਾਂ ਨਕਲੀ ਨੁਸਖ਼ੇ’ ਚਿੰਤਾਜਨਕ ਹਨ, ਈ-ਫਾਰਮੇਸੀਆਂ ਦੇ ਸਖ਼ਤ ਨਿਯਮ ਲਾਗੂ ਦੀ ਮੰਗ ਕੀਤੀ ਗਈ ਹੈ। ਇਸ ਸੰਸਥਾ ਨੇ ਵੱਡੇ ਔਨਲਾਈਨ ਪਲੈਟਫਾਰਮਾਂ ਵੱਲੋਂ ਭਾਰੀ ਛੋਟ ’ਤੇ ਵੀ ਇਤਰਾਜ਼ ਜ਼ਾਹਰ ਕੀਤਾ ਹੈ।
ਕਈ ਇਲਾਕਿਆਂ ’ਚ ਮਰੀਜ਼ ਖ਼ੁਆਰ ਹੋਏ
ਫ਼ਰੀਦਾਬਾਦ (ਪੱਤਰ ਪ੍ਰੇਰਕ): ਦਵਾਈਆਂ ਵੇਚਣ ਵਾਲੀਆਂ ਦੁਕਾਨਾਂ ਅੱਜ ਕਈ ਇਲਾਕਿਆਂ ਵਿੱਚ ਬੰਦ ਰਹਿਣ ਕਾਰਨ ਮਰੀਜ਼ਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਸ ਜ਼ਿਲ੍ਹੇ ਦੇ ਪ੍ਰਮੁੱਖ ਬਾਜ਼ਾਰਾਂ ਵਿੱਚ ਦਵਾਈਆਂ ਵੇਚਣ ਵਾਲਿਆਂ ਨੇ ਆਪਣੀਆਂ ਦੁਕਾਨਾਂ ਦੇ ਸ਼ਟਰ ਅੱਧ-ਪਚੱਧ ਬੰਦ ਰੱਖੇ। ਸਥਾਨਕ ਦੁਕਾਨਦਾਰਾਂ ਨੇ ਦੱਸਿਆ ਕਿ ਇਹ ਬੰਦ ਔਨਲਾਈਨ ਦਵਾਈਆਂ ਦੀ ਵਿੱਕਰੀ ਖ਼ਿਲਾਫ਼ ਕੀਤਾ ਗਿਆ ਕਿਉਂਕਿ ਔਨਲਾਈਨ ਦਵਾਈਆਂ ਵੇਚਣ ਵਾਲਿਆਂ ਉੱਪਰ ਭਰੋਸਾ ਕਰਨਾ ਖ਼ਤਰਨਾਕ ਹੋ ਸਕਦਾ ਹੈ। ਵੱਡੀਆਂ ਕੰਪਨੀਆਂ ਦੀਆਂ ਦੁਕਾਨਾਂ ਇਸ ਦੌਰਾਨ ਖੁੱਲ੍ਹੀਆਂ ਰਹੀਆਂ। ਉਧਰ, ਐੱਨ ਸੀ ਆਰ ਦੇ ਸ਼ਹਿਰਾਂ ਗੁਰੂਗ੍ਰਾਮ, ਪਲਵਲ, ਸੋਨੀਪਤ ਵਿੱਚ ਬਹੁਤੇ ਮੈਡੀਕਲ ਸਟੋਰ ਬੰਦ ਰਹੇ। ਗਾਜ਼ੀਆਬਾਦ ਦੇ ਰਾਜਨਗਰ, ਕਵੀਨਗਰ, ਇੰਦਰਾਪੁਰਮ, ਵੈਸ਼ਾਲੀ ਅਤੇ ਵਸੁੰਧਰਾ ਖੇਤਰਾਂ ਵਿੱਚ ਬਹੁਤ ਸਾਰੇ ਵੱਡੇ ਪ੍ਰਚੂਨ ਮੈਡੀਕਲ ਸਟੋਰ ਬੰਦ ਰਹੇ। ਹਾਲਾਂਕਿ ਐੱਮ ਐੱਮ ਜੀ ਜ਼ਿਲ੍ਹਾ ਹਸਪਤਾਲ ਅਤੇ ਕੰਬਾਈਨਡ ਹਸਪਤਾਲ ਦੇ ਸਾਹਮਣੇ ਦੁਕਾਨਾਂ ਖੁੱਲ੍ਹੀਆਂ ਰਹੀਆਂ। ਕਈ ਕਾਰਪੋਰੇਟ ਫਾਰਮੇਸੀ ਚੇਨਾਂ ਵੀ ਕੰਮ ਕਰਦੀਆਂ ਰਹੀਆਂ।

