Chautala village: 33 ਵਰ੍ਹਿਆਂ ਮਗਰੋਂ ਅਜੈ ਚੌਟਾਲਾ ਪਰਿਵਾਰ ਦਾ ਪਿੰਡ ਵੱਲ ਮੋੜਾ
ਪਿੰਡ ਚੌਟਾਲਾ ’ਚ ਕਰੀਬ 33 ਸਾਲਾਂ ਮਗਰੋਂ ਜਜਪਾ ਸੁਪਰੀਮੋ ਡਾ. ਅਜੈ ਸਿੰਘ ਚੌਟਾਲਾ ਪਰਿਵਾਰ ਨੇ ਪੱਕੇ ਆਸ਼ਿਆਨੇ ਦੀ ਨੀਂਹ ਰੱਖੀ ਹੈ। ਅੱਜ ਰੱਖੜੀ ਮੌਕੇ ਗਊਸ਼ਾਲਾ ਅਤੇ ਦਾਣਾ ਮੰਡੀ ਨੇੜੇ ਕਰੀਬ ਦੋ ਏਕੜ ਜ਼ਮੀਨ ’ਤੇ ਨਵੇਂ ਮਕਾਨ ਦੀ ਨੀਂਹ ਧਾਰਮਿਕ ਰਹੂ-ਰੀਤਾਂ...
ਪਿੰਡ ਚੌਟਾਲਾ ’ਚ ਕਰੀਬ 33 ਸਾਲਾਂ ਮਗਰੋਂ ਜਜਪਾ ਸੁਪਰੀਮੋ ਡਾ. ਅਜੈ ਸਿੰਘ ਚੌਟਾਲਾ ਪਰਿਵਾਰ ਨੇ ਪੱਕੇ ਆਸ਼ਿਆਨੇ ਦੀ ਨੀਂਹ ਰੱਖੀ ਹੈ। ਅੱਜ ਰੱਖੜੀ ਮੌਕੇ ਗਊਸ਼ਾਲਾ ਅਤੇ ਦਾਣਾ ਮੰਡੀ ਨੇੜੇ ਕਰੀਬ ਦੋ ਏਕੜ ਜ਼ਮੀਨ ’ਤੇ ਨਵੇਂ ਮਕਾਨ ਦੀ ਨੀਂਹ ਧਾਰਮਿਕ ਰਹੂ-ਰੀਤਾਂ ਅਤੇ ਹਵਨ-ਯੱਗ ਨਾਲ ਰੱਖੀ ਗਈ। ਸਾਬਕਾ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਅਤੇ ਯੂਥ ਜਜਪਾ ਦੇ ਪ੍ਰਧਾਨ ਦਿਗਵਿਜੈ ਚੌਟਾਲਾ ਵੀ ਮੌਜੂਦ ਸਨ।
ਸਾਲ 1993-94 ’ਚ ਬੱਚਿਆਂ ਦੀ ਪੜ੍ਹਾਈ ਲਈ ਸਿਰਸਾ ਤਬਦੀਲ ਹੋਏ ਅਜੈ ਚੌਟਾਲਾ ਹੁਣ ਪੁਸ਼ਤੈਨੀ ਪਿੰਡ ’ਚ ਘਰ ਬਣਾ ਰਹੇ ਹਨ। ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਪਿੰਡ ’ਚ ਆਪਣਾ ਘਰ ਬਣਾਉਣਾ ਪਰਿਵਾਰ ਦੀ ਦਿਲੀ ਖਾਹਿਸ਼ ਸੀ ਅਤੇ ਪਰਿਵਾਰ ਦੀ ਸਹਿਮਤੀ ਮਗਰੋਂ ਜੜ੍ਹਾਂ ਵੱਲ ਮੁੜਨ ਦਾ ਫੈਸਲਾ ਲਿਆ ਗਿਆ।
ਚੌਟਾਲਾ ਨੇ ਦੇਸ਼ ਨੂੰ ਉਪ ਪ੍ਰਧਾਨ ਮੰਤਰੀ, ਸੂਬੇ ਨੂੰ ਦੋ ਮੁੱਖ ਮੰਤਰੀ ਦਿੱਤੇ
ਪਿੰਡ ਚੌਟਾਲਾ ਉੱਤਰੀ ਭਾਰਤ ਦੀ ਸਿਆਸਤ ਦਾ ਇਤਿਹਾਸਕ ਸ਼ਕਤੀ ਕੇਂਦਰ ਹੈ। ਇਸ ਪਿੰਡ ਨੇ ਦੇਸ਼ ਨੂੰ ਉਪ ਪ੍ਰਧਾਨ ਮੰਤਰੀ ਮਰਹੂਮ ਚੌਧਰੀ ਦੇਵੀ ਲਾਲ, ਹਰਿਆਣਾ ਨੂੰ ਦੋ ਮੁੱਖ ਮੰਤਰੀ ਚੌਧਰੀ ਦੇਵੀ ਲਾਲ ਅਤੇ ਓਮ ਪ੍ਰਕਾਸ਼ ਚੌਟਾਲਾ ਤੋਂ ਇਲਾਵਾ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦਿੱਤਾ। ਪਿੰਡ ਨਾਲ ਸਬੰਧਤ 14 ਤੋਂ ਵੱਧ ਵਿਧਾਇਕ ਬਣੇ ਹਨ। ਸਾਲ 2019 ਦੀਆਂ ਵਿਧਾਨ ਸਭਾ ਚੋਣਾਂ ’ਚ ਚੌਟਾਲਾ ਪਿੰਡ ਨਾਲ ਜੁੜੇ ਰਣਜੀਤ ਸਿੰਘ, ਅਭੈ ਚੌਟਾਲਾ, ਦੁਸ਼ਯੰਤ ਚੌਟਾਲਾ, ਨੈਨਾ ਸਿੰਘ ਅਤੇ ਅਮਿਤ ਸਿਹਾਗ ਸਮੇਤ ਪੰਜ ਵਿਧਾਇਕ ਵੱਖ-ਵੱਖ ਪਾਰਟੀਆਂ ਤੇ ਹਲਕਿਆਂ ਤੋਂ ਜਿੱਤ ਕੇ ਵਿਧਾਨ ਸਭਾ ਪਹੁੰਚੇ ਸਨ।
ਹਮੇਸ਼ਾ ‘ਤਾਊ’ ਦੀ ਰਿਹਾਇਸ਼ ਰਿਹਾ ਪਿੰਡ ਚੌਟਾਲਾ
ਦੇਸ਼ ਦੇ ਉਪ ਪ੍ਰਧਾਨ ਮੰਤਰੀ ਬਣਨ ਦੇ ਬਾਵਜੂਦ ‘ਤਾਊ’ ਚੌਧਰੀ ਦੇਵੀ ਲਾਲ ਦਾ ਨਿਵਾਸ ਪਿੰਡ ਚੌਟਾਲਾ ’ਚ ਹੀ ਰਿਹਾ। ਉਨ੍ਹਾਂ ਦੇ ਦੂਜੇ ਪੁੱਤਰ ਚੌਧਰੀ ਪ੍ਰਤਾਪ ਸਿੰਘ ਚੌਟਾਲਾ ਅਤੇ ਸਭ ਤੋਂ ਛੋਟੇ ਪੁੱਤਰ ਚੌਧਰੀ ਜਗਦੀਸ਼ ਸਿਹਾਗ ਦਾ ਨਿਵਾਸ ਵੀ ਜੱਦੀ ਪਿੰਡ ’ਚ ਰਿਹਾ। ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੀ ਰਿਹਾਇਸ਼ ਤੇਜਾਖੇੜਾ ਫਾਰਮ, ਜਦਕਿ ਸਾਬਕਾ ਬਿਜਲੀ ਮੰਤਰੀ ਰਣਜੀਤ ਸਿੰਘ ਚੌਟਾਲਾ ਦੀ ਸਿਰਸਾ ’ਚ ਰਹੀ ਹੈ।

