Chandigarh Traffic Restrictions: ਆਜ਼ਾਦੀ ਦਿਹਾੜੇ ਮੌਕੇ ਚੰਡੀਗੜ੍ਹ ਅਤੇ ਪੰਚਕੂਲਾ ਵਿੱਚ ਟਰੈਫਿਕ ਪਾਬੰਦੀਆਂ
ਜਾਣੋ ਚੰਡੀਗੜ੍ਹ ਦੀਆਂ ਕਿਹੜੀਆਂ ਸੜਕਾਂ ਰਹਿਣਗੀਆਂ ਬੰਦ
Chandigarh Traffic Restrictions: ਚੰਡੀਗੜ੍ਹ ਟ੍ਰੈਫਿਕ ਪੁਲੀਸ ਨੇ ਇੱਕ ਐਡਵਾਈਜ਼ਰੀ ਜਾਰੀ ਕਰਦਿਆਂ ਦੱਸਿਆ ਹੈ ਕਿ ਅਮਨ ਤੇ ਕਾਨੂੰਨ ਪ੍ਰਬੰਧਾਂ ਤਹਿਤ 15 ਅਗਸਤ ਨੂੰ ਚੰਡੀਗੜ੍ਹ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਆਵਾਜਾਈ ਨੂੰ ਕੰਟਰੋਲ ਕਰਦਿਆਂ ਪਾਬੰਦੀਆਂ ਲਗਾਈਆਂ ਜਾਣਗੀਆਂ ਅਤੇ ਕਈ ਥਾਵਾਂ ’ਤੇ ਰੂਟ ਬਦਲੇ ਜਾਣਗੇ। ਯਾਤਰੀਆਂ ਨੂੰ ਬੁੜੈਲ ਜੇਲ੍ਹ ਰੋਡ ਬੈਰੀਅਰ (ਸੈਕਟਰ 50/51), ਮਟੌਰ ਬੈਰੀਅਰ (ਸੈਕਟਰ 51/52), ਕਜਹੇੜੀ ਚੌਕ (ਸੈਕਟਰ 52/53) ਅਤੇ ਨਾਲ ਲੱਗਦੀਆਂ ਸੜਕਾਂ ਤੋਂ ਬਚਣ ਅਤੇ ਬਦਲਵੇਂ ਰੂਟਾਂ ਦੀ ਵਰਤੋਂ ਕਰਨ ਲਈ ਕਿਹਾ ਗਿਆ ਹੈ।
ਪੁਲੀਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਯਾਤਰਾ ਦੀ ਯੋਜਨਾ ਪਹਿਲਾਂ ਹੀ ਬਣਾ ਲੈਣ, ਸੜਕਾਂ ’ਤੇ ਤਾਇਨਾਤ ਟ੍ਰੈਫਿਕ ਕਰਮਚਾਰੀਆਂ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਅਤੇ ਟ੍ਰੈਫਿਕ ਪੁਲੀਸ ਦੇ ਸੋਸ਼ਲ ਮੀਡੀਆ ਹੈਂਡਲਸ ’ਤੇ ਰੀਅਲ-ਟਾਈਮ ਅਪਡੇਟਸ ਚੈੱਕ ਕਰਦੇ ਰਹਿਣ।
ਇਸ ਦੌਰਾਨ ਪੁਲੀਸ ਨੇ ਆਜ਼ਾਦੀ ਦਿਹਾੜੇ ਦੇ ਮੁੱਖ ਸਮਾਗਮ ਵਾਲੀ ਥਾਂ ਪਰੇਡ ਗਰਾਊਂਡ ਅਤੇ ਐਟ ਹੋਮ ਰਿਸੈਪਸ਼ਨ ਦੇ ਸਥਾਨ ਪੰਜਾਬ ਅਤੇ ਹਰਿਆਣਾ ਲੋਕ ਭਵਨ ਦੇ ਆਲੇ-ਦੁਆਲੇ ਸੁਰੱਖਿਆ ਘੇਰਾ ਸਖ਼ਤ ਕਰ ਦਿੱਤਾ ਹੈ, ਜਿਸ ਕਾਰਨ ਪੂਰੇ ਸ਼ਹਿਰ ਵਿੱਚ ਵਿਆਪਕ ਟਰੈਫਿਕ ਪਾਬੰਦੀਆਂ ਰਹਿਣਗੀਆਂ। ਪਰੇਡ ਗਰਾਊਂਡ (ਸੈਕਟਰ 17) ਵਿਚ ਸਵੇਰੇ 6:30 ਵਜੇ ਤੋਂ ਸਮਾਗਮ ਦੀ ਸਮਾਪਤੀ ਤੱਕ ਕਈ ਸੜਕਾਂ ਬੰਦ ਰਹਿਣਗੀਆਂ। ਵਿਸ਼ੇਸ਼ ਸੱਦਾ ਪੱਤਰ ਵਾਲੇ ਮਹਿਮਾਨਾਂ ਅਤੇ ਆਮ ਲੋਕਾਂ ਲਈ ਵੱਖ-ਵੱਖ ਪਾਰਕਿੰਗ ਅਤੇ ਦਾਖ਼ਲੇ ਦੇ ਗੇਟ ਤੈਅ ਕੀਤੇ ਗਏ ਹਨ। ਸਮਾਗਮ ਵਿੱਚ ਬੈਗ, ਮਾਚਿਸ, ਚਾਕੂ, ਸਿਗਰਟ, ਹਥਿਆਰ, ਸ਼ਰਾਬ, ਜਲਣਸ਼ੀਲ ਪਦਾਰਥ, ਇਲੈਕਟ੍ਰਾਨਿਕ ਯੰਤਰ, ਕਾਲੇ ਝੰਡੇ ਅਤੇ ਬੈਨਰ ਲਿਜਾਣ ’ਤੇ ਪੂਰਨ ਤੌਰ ’ਤੇ ਪਾਬੰਦੀ ਹੋਵੇਗੀ। ਇਸ ਤੋਂ ਇਲਾਵਾ ਪੰਜਾਬ ਅਤੇ ਹਰਿਆਣਾ ਲੋਕ ਭਵਨ ਵਿਚ ਹੋਣ ਵਾਲੇ ਪ੍ਰੋਗਰਾਮਾਂ ਕਾਰਨ ਦੁਪਹਿਰ 3 ਵਜੇ ਤੋਂ ਕਈ ਰੂਟਾਂ ’ਤੇ ਆਵਾਜਾਈ ਪ੍ਰਭਾਵਿਤ ਰਹੇਗੀ ਅਤੇ ਸਭ ਲਈ ਵਾਹਨਾਂ 'ਤੇ ਪਾਰਕਿੰਗ ਲੇਬਲ ਹੋਣਾ ਲਾਜ਼ਮੀ ਕੀਤਾ ਗਿਆ ਹੈ।
ਪੰਚਕੂਲਾ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਅਤੇ ਨਾਕਾਬੰਦੀ
ਦੂਜੇ ਪਾਸੇ ਪੰਚਕੂਲਾ ਵਿੱਚ ਪੁਲੀਸ ਕਮਿਸ਼ਨਰ ਪੰਕਜ ਨੈਣ ਦੇ ਨਿਰਦੇਸ਼ਾਂ ਤਹਿਤ 80ਵੇਂ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ 655 ਜਵਾਨ ਤਾਇਨਾਤ ਕੀਤੇ ਗਏ ਹਨ ਅਤੇ ਪੂਰੇ ਜ਼ਿਲ੍ਹੇ ਵਿੱਚ 31 ਵਿਸ਼ੇਸ਼ ਚੈਕਪੁਆਇੰਟ ਬਣਾਏ ਗਏ ਹਨ। ਡੀ ਸੀ ਪੀ ਅਦਿਤੀ ਸਿੰਘ ਨੇ ਦੱਸਿਆ ਕਿ ਅੰਤਰ-ਰਾਜੀ ਸਰਹੱਦਾਂ, ਸ਼ਹਿਰੀ ਖੇਤਰਾਂ ਅਤੇ ਪ੍ਰੋਗਰਾਮ ਵਾਲੀਆਂ ਥਾਵਾਂ ਦੇ ਨੇੜੇ ਨਾਕੇ ਲਗਾ ਕੇ ਵਾਹਨਾਂ ਅਤੇ ਵਿਅਕਤੀਆਂ ਦੀ ਸਖ਼ਤ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਾਰੇ ਐੱਸ ਐੱਚ ਓ ਆਪਣੇ ਇਲਾਕਿਆਂ ਵਿੱਚ ਫਲੈਗ ਮਾਰਚ ਕੱਢ ਰਹੇ ਹਨ ਅਤੇ ਬਾਜ਼ਾਰਾਂ, ਜਨਤਕ ਸਥਾਨਾਂ ਅਤੇ ਸੰਵੇਦਨਸ਼ੀਲ ਥਾਵਾਂ 'ਤੇ ਨਿਗਰਾਨੀ ਵਧਾ ਦਿੱਤੀ ਗਈ ਹੈ।

