ਚੰਡੀਗੜ੍ਹ ਪਹਾੜਾਂ ਦੀ ਰਾਣੀ ‘ਸ਼ਿਮਲਾ’ ਨਾਲੋਂ ਠੰਢਾ
ਸੋਮਵਾਰ ਤੇ ਮੰਗਲਵਾਰ ਦੀ ਦਰਮਿਆਨੀ ਰਾਤ ਪਿਛਲੇ 9 ਸਾਲਾਂ ’ਚ ਸਭ ਤੋਂ ਠੰਢੀ; ਬੁੁੁੱਧਵਾਰ ਲਈ ਸੰਤਰੀ ਚੇਤਾਵਨੀ ਜਾਰੀ
ਚੰਡੀਗੜ੍ਹ ਵਿਚ ਸੋਮਵਾਰ ਤੇ ਮੰਗਲਵਾਰ ਦੀ ਦਰਮਿਆਨੀ ਰਾਤ ਪਿਛਲੇ ਨੌਂ ਸਾਲਾਂ ਵਿੱਚ ਸਭ ਤੋਂ ਠੰਢੀ ਰਹੀ। ਚੰਡੀਗੜ੍ਹ ਵਿਚ ਘੱਟੋ-ਘੱਟ ਤਾਪਮਾਨ 2.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਸ਼ਿਮਲਾ ਦੇ ਘੱਟੋ-ਘੱਟ ਤਾਪਮਾਨ 6.6 ਡਿਗਰੀ ਸੈਲਸੀਅਸ ਅਤੇ ਪਹਾੜੀਆਂ ਦੀ ਰਾਣੀ ਵਿੱਚ ਵੱਧ ਤੋਂ ਵੱਧ ਤਾਪਮਾਨ 14.6 ਡਿਗਰੀ ਸੈਲਸੀਅਸ ਤੋਂ ਕਾਫ਼ੀ ਹੇਠਾਂ ਸੀ।
ਸੰਘਣੀ ਤੋਂ ਬਹੁਤ ਸੰਘਣੀ ਧੁੰਦ ਨੇ ਚੰਡੀਗੜ੍ਹ, ਮੁਹਾਲੀ ਅਤੇ ਪੰਚਕੂਲਾ ਦੇ ਟ੍ਰਾਈਸਿਟੀ ਖੇਤਰ ਨੂੰ ਢਕ ਲਿਆ। ਮੰਗਲਵਾਰ ਨੂੰ ਜ਼ਿਆਦਾਤਰ ਬੱਦਲਵਾਈ ਰਹੀ ਤੇ ਅਸਮਾਨ ਹੇਠ ਸੂਰਜ ਥੋੜ੍ਹੇ ਸਮੇਂ ਲਈ ਝਾਤ ਮਾਰਦਾ ਰਿਹਾ। ਭਾਰਤੀ ਮੌਸਮ ਵਿਭਾਗ (IMD) ਦੇ ਬੁਲਿਟਨ ਮੁਤਾਬਕ ਚੰਡੀਗੜ੍ਹ ਦਾ ਵੱਧ ਤੋਂ ਵੱਧ ਤਾਪਮਾਨ 15.2 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ, ਜਿਸ ਵਿੱਚ ਘੱਟੋ-ਘੱਟ ਨਮੀ 65 ਫੀਸਦ ਅਤੇ ਵੱਧ ਤੋਂ ਵੱਧ 94 ਫੀਸਦ ਸੀ।
ਇਹ ਵੀ ਪੜ੍ਹੋ: ਹੱਡ ਚੀਰਵੀਂ ਠੰਢ: ਪੰਜਾਬ ਦੇ ਸਕੂਲਾਂ ਵਿਚ 17 ਤੱਕ ਛੁੱਟੀਆਂ ਵਧਾਈਆਂ
ਮੌਸਮ ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਚੰਡੀਗੜ੍ਹ ਦਾ ਘੱਟੋ-ਘੱਟ ਤਾਪਮਾਨ 11 ਜਨਵਰੀ, 2017 ਨੂੰ 2.4 ਡਿਗਰੀ ਅਤੇ 24 ਜਨਵਰੀ, 2016 ਨੂੰ 2.1 ਡਿਗਰੀ ਸੀ। ਮੌਸਮ ਵਿਭਾਗ ਨੇ ਬੁੱਧਵਾਰ ਲਈ ਸੰਤਰੀ ਚੇਤਾਵਨੀ ਜਾਰੀ ਕਰਦਿਆਂ ਪੂਰੇ ਖੇਤਰ ਵਿੱਚ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਅਤੇ ਸੀਤ ਲਹਿਰ ਦੀ ਪੇਸ਼ੀਨਗੋਈ ਕੀਤੀ ਹੈ। ਵਿਭਾਗ ਨੇ ਸੋਮਵਾਰ ਤੱਕ ਅਗਲੇ ਪੰਜ ਦਿਨ ਸੰਘਣੀ ਧੁੰਦ ਲਈ ਪੀਲੀ ਚੇਤਾਵਨੀ ਦਿੱਤੀ ਹੈ।
ਇਹ ਵੀ ਪੜ੍ਹੋ: Holiday extended in Chandigarh schools: ਚੰਡੀਗੜ੍ਹ ਵਿੱਚ ਹੱਡ ਚੀਰਵੀਂ ਠੰਢ; ਸਕੂਲ 18 ਤੱਕ ਰਹਿਣਗੇ ਬੰਦ
ਮੌਸਮ ਮਾਹਿਰਾਂ ਮੁਤਾਬਕ ਟ੍ਰਾਈਸਿਟੀ ਵਿਚ ਸੰਘਣੀ ਧੁੰਦ ਦੇ ਨਾਲ ਆਸਮਾਨ ਵਿੱਚ ਜ਼ਿਆਦਾਤਰ ਬੱਦਲਵਾਈ ਰਹੇਗੀ, ਵੱਧ ਤੋਂ ਵੱਧ ਤਾਪਮਾਨ 14 ਡਿਗਰੀ ਤੋਂ ਸ਼ੁਰੂ ਹੋ ਕੇ 18 ਡਿਗਰੀ ਤੱਕ ਅਤੇ ਘੱਟੋ-ਘੱਟ ਤਾਪਮਾਨ 5 ਡਿਗਰੀ ਤੋਂ 10 ਡਿਗਰੀ ਤੱਕ ਰਹੇਗਾ, ਜਿਸ ਨਾਲ ਐਤਵਾਰ ਅਤੇ ਸੋਮਵਾਰ ਨੂੰ ਵੱਖ-ਵੱਖ ਥਾਵਾਂ ’ਤੇ ਹਲਕੇ ਮੀਂਹ ਤੋਂ ਇਲਾਵਾ ਮੌਸਮ ਖੁਸ਼ਕ ਰਹੇਗਾ। ਪੰਜਾਬ ਅਤੇ ਹਰਿਆਣਾ ਵਿੱਚ ਕਈ ਥਾਵਾਂ ’ਤੇ ਸ਼ੀਤ ਲਹਿਰ ਦੀ ਸਥਿਤੀ ਬਣੀ ਰਹੀ, ਕੁੱਲ ਮਿਲਾ ਕੇ ਮੌਸਮ ਖੁਸ਼ਕ ਰਿਹਾ ਅਤੇ ਚੰਡੀਗੜ੍ਹ ਵਰਗੇ ਸਥਾਨਾਂ 'ਤੇ ਬਹੁਤ ਸੰਘਣੀ ਧੁੰਦ ਦਰਜ ਕੀਤੀ ਗਈ।
ਪੰਜਾਬ ਅਤੇ ਹਰਿਆਣਾ ਵਿੱਚ ਠੰਢ ਦਾ ਪ੍ਰਕੋਪ ਜਾਰੀ ਹੈ। ਨਵਾਂਸ਼ਹਿਰ ਵਿੱਚ ਬੱਲੋਵਾਲ ਸੌਂਖਰੀ ਖੇਤਰ ਦਾ ਸਭ ਤੋਂ ਘੱਟ ਘੱਟੋ-ਘੱਟ ਤਾਪਮਾਨ 0 ਡਿਗਰੀ ਸੈਲਸੀਅਸ ਅਤੇ ਹਰਿਆਣਾ ਵਿੱਚ ਹਿਸਾਰ 1.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਹੋਰ ਠੰਢੀਆਂ ਥਾਵਾਂ ਵਿੱਚ ਬਠਿੰਡਾ ਵਿੱਚ 1.6 ਡਿਗਰੀ, ਲੁਧਿਆਣਾ ਅਤੇ ਹੁਸ਼ਿਆਰਪੁਰ ਵਿੱਚ 2.6 ਡਿਗਰੀ, ਫਰੀਦਕੋਟ ਵਿੱਚ 2 ਡਿਗਰੀ, ਨਾਰਨੌਲ ਵਿੱਚ 1.8 ਡਿਗਰੀ, ਗੁਰੂਗ੍ਰਾਮ ਵਿੱਚ ਸੋਮਵਾਰ ਦੇ 0.6 ਡਿਗਰੀ ਤੋਂ 3.3 ਡਿਗਰੀ, ਪਟਿਆਲਾ ਵਿੱਚ 3 ਡਿਗਰੀ, ਰੋਹਤਕ ਵਿੱਚ 3.8 ਡਿਗਰੀ, ਕਰਨਾਲ ਵਿੱਚ 2 ਡਿਗਰੀ, ਅੰਬਾਲਾ ਵਿੱਚ 4.2 ਡਿਗਰੀ ਅਤੇ ਅੰਮ੍ਰਿਤਸਰ ਵਿੱਚ 4.1 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ।

